Delhi Election Exit Polls LIVE : ਅੱਜ ਬੁੱਧਵਾਰ ਸ਼ਾਮ 5 ਵਜੇ ਤੱਕ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ 57.70% ਵੋਟਿੰਗ ਹੋਈ ਹੈ। ਚੋਣ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ, ਪਰ ਇਸ ਤੋਂ ਪਹਿਲਾਂ ਐਗਜ਼ਿਟ ਪੋਲ ਆਉਣ ਲੱਗੇ ਹਨ। ਸੱਟੇਬਾਜ਼ੀ ਬਾਜ਼ਾਰ ਦੇ ਅਨੁਮਾਨਾਂ ਅਨੁਸਾਰ, ਇਸ ਵਾਰ ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਮੁੜ ਸਰਕਾਰ ਬਣੇਗੀ। ਉਂਝ ਆਪ ਦੀਆਂ ਸੀਟਾਂ ਦੀ ਗਿਣਤੀ ਪਿਛਲੀ ਵਾਰ ਦੇ ਮੁਕਾਬਲੇ ਘੱਟ ਸਕਦੀ ਹੈ।


ਰਾਜਸਥਾਨ ਦੇ ਫਲੋਦੀ ਸੱਟਾ ਬਾਜ਼ਾਰ ਨੇ 'ਆਪ' ਨੂੰ 38-40 ਸੀਟਾਂ, ਭਾਜਪਾ ਨੂੰ 30-32 ਸੀਟਾਂ ਤੇ ਕਾਂਗਰਸ ਨੂੰ 0-1 ਸੀਟਾਂ ਜਿੱਤਣ ਦੀ ਭਵਿੱਖਬਾਣੀ ਕੀਤੀ ਹੈ। ਸਰਕਾਰ ਬਣਾਉਣ ਲਈ 36 ਸੀਟਾਂ ਦੀ ਲੋੜ ਹੈ। ਦਿੱਲੀ ਵਿੱਚ 2015 ਤੋਂ 'ਆਪ' ਦੀ ਸਰਕਾਰ ਸੱਤਾ ਵਿੱਚ ਹੈ। ਸ਼ਰਾਬ ਘੁਟਾਲੇ ਦੇ ਦੋਸ਼ਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ, ਜੋ ਲਗਪਗ 9 ਸਾਲ 7 ਮਹੀਨੇ ਮੁੱਖ ਮੰਤਰੀ ਰਹੇ, ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਆਤਿਸ਼ੀ ਮੁੱਖ ਮੰਤਰੀ ਬਣੀ।




ਦੱਸ ਦਈਏ ਕਿ 2020 ਦੇ ਜ਼ਿਆਦਾਤਰ ਐਗਜ਼ਿਟ ਪੋਲ ਨਤੀਜਿਆਂ ਨੇ ਆਮ ਆਦਮੀ ਪਾਰਟੀ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ। ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਲਈ ਵੱਧ ਤੋਂ ਵੱਧ 59 ਤੋਂ 68 ਸੀਟਾਂ ਦੀ ਭਵਿੱਖਬਾਣੀ ਕੀਤੀ ਸੀ। ਟਾਈਮਜ਼ ਨਾਓ ਨੇ 47 ਸੀਟਾਂ 'ਤੇ ਜਿੱਤ ਦੀ ਭਵਿੱਖਬਾਣੀ ਕੀਤੀ ਸੀ। ਉਸ ਸਮੇਂ, ਜ਼ਿਆਦਾਤਰ ਐਗਜ਼ਿਟ ਪੋਲਾਂ ਨੇ 'ਆਪ' ਨੂੰ 50 ਤੋਂ ਵੱਧ ਸੀਟਾਂ ਜਿੱਤਣ ਦੀ ਭਵਿੱਖਬਾਣੀ ਕੀਤੀ ਸੀ, ਜੋ ਕਾਫ਼ੀ ਹੱਦ ਤੱਕ ਸਹੀ ਸੀ ਕਿਉਂਕਿ ਆਮ ਆਦਮੀ ਪਾਰਟੀ ਨੇ 70 ਵਿੱਚੋਂ 62 ਸੀਟਾਂ ਜਿੱਤੀਆਂ ਸਨ।


ਕਿਸ ਐਗਜ਼ਿਟ ਦੇ ਨਤੀਜੇ ਕੀ ਸਨ?


ਆਖਰੀ ਵਾਰ 2020 ਵਿੱਚ ਏਬੀਪੀ ਨਿਊਜ਼ ਨੇ ਸੀ ਵੋਟਰ ਨਾਲ ਇੱਕ ਐਗਜ਼ਿਟ ਪੋਲ ਕੀਤਾ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਨੂੰ 49 ਤੋਂ 63 ਸੀਟਾਂ ਮਿਲਣ ਦਾ ਅਨੁਮਾਨ ਸੀ ਤੇ ਪਾਰਟੀ ਨੇ 62 ਸੀਟਾਂ ਜਿੱਤੀਆਂ ਵੀ ਸਨ। ਇਸੇ ਤਰ੍ਹਾਂ ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਨੇ 'ਆਪ' ਨੂੰ 59 ਤੋਂ 68 ਸੀਟਾਂ ਜਿੱਤਣ ਦੀ ਭਵਿੱਖਬਾਣੀ ਕੀਤੀ ਸੀ। ਜਦੋਂ ਕਿ ਨਿਊਜ਼ਐਕਸ-ਪੋਲਸਟ੍ਰੇਟ ਨੇ 50 ਤੋਂ 56 ਸੀਟਾਂ ਤੇ ਰਿਪਬਲਿਕ-ਜਨ ਕੀ ਬਾਤ ਨੇ 48-61 ਸੀਟਾਂ ਦੀ ਭਵਿੱਖਬਾਣੀ ਕੀਤੀ ਸੀ।




ਪੋਲ ਆਫ਼ ਪੋਲਜ਼ ਨੇ ਕੀ ਪ੍ਰਗਟ ਕੀਤਾ?


ਹਰ ਪੋਲ ਨੇ ਸਹੀ ਭਵਿੱਖਬਾਣੀ ਕੀਤੀ ਸੀ ਕਿ 'ਆਪ' ਪੂਰਨ ਬਹੁਮਤ ਪ੍ਰਾਪਤ ਕਰੇਗੀ। ਸਿਰਫ਼ ਤਿੰਨ ਪੋਲ-ਏਬੀਪੀ ਨਿਊਜ਼-ਸੀਵੋਟਰ, ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਤੇ ਰਿਪਬਲਿਕ ਟੀਵੀ-ਜਨ ਕੀ ਬਾਤ ਨੇ ਭਵਿੱਖਬਾਣੀ ਕੀਤੀ ਸੀ ਕਿ 'ਆਪ' ਦੁਬਾਰਾ 60 ਸੀਟਾਂ ਦਾ ਅੰਕੜਾ ਪਾਰ ਕਰੇਗੀ।



2015 ਦੇ ਐਗਜ਼ਿਟ ਪੋਲ ਨੂੰ ਵੀ ਜਾਣੋ


ਇਸ ਵਾਰ ਛੇ ਐਗਜ਼ਿਟ ਪੋਲਾਂ ਨੇ 'ਆਪ' ਲਈ ਸਪੱਸ਼ਟ ਬਹੁਮਤ ਦੀ ਭਵਿੱਖਬਾਣੀ ਕੀਤੀ ਸੀ। ਇਨ੍ਹਾਂ ਛੇ ਪੋਲਾਂ ਦੇ ਔਸਤ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੂੰ 45 ਸੀਟਾਂ 'ਤੇ, ਭਾਜਪਾ ਨੂੰ 24 'ਤੇ ਅਤੇ ਕਾਂਗਰਸ ਨੂੰ ਇੱਕ 'ਤੇ ਅੱਗੇ ਦਿਖਾਇਆ ਸੀ। ਨਤੀਜਿਆਂ ਵਿੱਚ 'ਆਪ' ਨੇ 67 ਸੀਟਾਂ ਜਿੱਤੀਆਂ, ਜਦੋਂਕਿ ਭਾਜਪਾ ਨੂੰ ਸਿਰਫ਼ ਤਿੰਨ ਸੀਟਾਂ ਮਿਲੀਆਂ।


2015 ਵਿੱਚ ਕਿਸੇ ਵੀ ਐਗਜ਼ਿਟ ਪੋਲ ਨੇ 'ਆਪ' ਨੂੰ 60 ਸੀਟਾਂ ਦੇ ਅੰਕੜੇ ਨੂੰ ਪਾਰ ਕਰਦੇ ਨਹੀਂ ਦਿਖਾਇਆ ਸੀ। ਸਿਰਫ਼ ਇੱਕ ਨੇ ਭਵਿੱਖਬਾਣੀ ਕੀਤੀ ਸੀ ਕਿ ਪਾਰਟੀ 50 ਤੋਂ ਵੱਧ ਸੀਟਾਂ ਜਿੱਤੇਗੀ। ਐਕਸਿਸ ਮਾਈ ਇੰਡੀਆ ਸਰਵੇਖਣ ਨੇ 'ਆਪ' ਲਈ 53 ਸੀਟਾਂ ਦਾ ਅਨੁਮਾਨ ਲਾਇਆ ਸੀ, ਜੋ ਅਸਲ ਨਤੀਜੇ ਦੇ ਸਭ ਤੋਂ ਨੇੜੇ ਸੀ।