Delhi School Closed: ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹੜ੍ਹਾਂ ਨਾਲ ਨਜਿੱਠਣ ਲਈ ਵੀਰਵਾਰ (13 ਜੁਲਾਈ) ਨੂੰ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਦੀ ਇੱਕ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਦਿੱਲੀ ਦੇ ਸਾਰੇ ਸਕੂਲ ਅਤੇ ਕਾਲਜ ਐਤਵਾਰ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਉਪ ਰਾਜਪਾਲ ਦੀ ਪ੍ਰਧਾਨਗੀ 'ਚ ਹੋਈ ਇਸ ਬੈਠਕ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸ਼ਿਰਕਤ ਕੀਤੀ।


ਡੀਡੀਐਮਏ ਦੀ ਮੀਟਿੰਗ ਵਿੱਚ ਲਏ ਗਏ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, ਦਿੱਲੀ ਦੇ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਐਤਵਾਰ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ। ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਾਰੇ ਸਰਕਾਰੀ ਦਫ਼ਤਰਾਂ ਨੂੰ ਛੱਡ ਕੇ, ਬਾਕੀ ਸਾਰੇ ਸਰਕਾਰੀ ਦਫ਼ਤਰ ਦੇ ਕਰਮਚਾਰੀ ਐਤਵਾਰ ਤੱਕ ਘਰ ਹੀ ਕੰਮ ਕਰਨਗੇ। ਨਿੱਜੀ ਦਫਤਰਾਂ ਨੂੰ ਵੀ ਐਤਵਾਰ ਤੱਕ ਘਰ ਤੋਂ ਕੰਮ ਕਰਨ ਦੀ ਸਲਾਹ ਦਿੱਤੀ ਗਈ ਹੈ। 


ਭਾਰੀ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ


ਇਸ ਦੌਰਾਨ ਦਿੱਲੀ 'ਚ ਬਾਹਰੋਂ ਆਉਣ ਵਾਲੇ ਭਾਰੀ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਯਮੁਨਾ ਨਦੀ ਦੇ ਵਧਦੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਸਾਵਧਾਨੀ ਦੇ ਤੌਰ 'ਤੇ ਸਿੰਘੂ ਬਾਰਡਰ, ਬਦਰਪੁਰ ਬਾਰਡਰ, ਲੋਨੀ ਬਾਰਡਰ ਅਤੇ ਚਿੱਲਾ ਬਾਰਡਰ ਤੋਂ ਭਾਰੀ ਗੱਡੀਆਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।


ਕਸ਼ਮੀਰੀ ਗੇਟ ISBT ਤੱਕ ਨਹੀਂ ਜਾਣਗੀਆਂ ਬੱਸਾਂ 


ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ-ਕਸ਼ਮੀਰ, ਉਤਰਾਖੰਡ ਤੋਂ ਆਉਣ ਵਾਲੀਆਂ ਅੰਤਰਰਾਜੀ ਬੱਸਾਂ ISBT ਕਸ਼ਮੀਰੀ ਗੇਟ 'ਤੇ ਜਾਣ ਦੀ ਬਜਾਏ ਸਿੰਘੂ ਬਾਰਡਰ 'ਤੇ ਰੁਕਣਗੀਆਂ। ਹਾਲਾਂਕਿ, ਜ਼ਰੂਰੀ ਸੇਵਾਵਾਂ ਜਿਵੇਂ ਕਿ ਖਾਣ-ਪੀਣ ਦੀਆਂ ਵਸਤੂਆਂ ਅਤੇ ਪੈਟਰੋਲੀਅਮ ਉਤਪਾਦਾਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ 'ਤੇ ਕੋਈ ਪਾਬੰਦੀ ਨਹੀਂ ਹੈ।


ਜ਼ਿਕਰ ਕਰ ਦਈਏ ਕਿ ਯਮੁਨਾ ਨੇ ਬੁੱਧਵਾਰ ਨੂੰ 45 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਅਤੇ ਨਦੀ 'ਚ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈ। ਯਮੁਨਾ ਵਿੱਚ ਪਾਣੀ ਵਧਣ ਨਾਲ ਦਿੱਲੀ ਵਿੱਚ ਸਾਰੇ ਹੱਲ ਨਾਕਾਫੀ ਜਾਪਦੇ ਹਨ। ਨਦੀ ਦਾ ਪਾਣੀ ਸ਼ਹਿਰ ਦੇ ਅੰਦਰ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਸੜਕਾਂ 'ਤੇ ਕਿਸ਼ਤੀਆਂ ਚੱਲਣ ਦੀ ਸਥਿਤੀ ਬਣ ਗਈ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :