Delhi hospital fire: ਦਿੱਲੀ ਦੇ ਵਿਵੇਕ ਵਿਹਾਰ 'ਚ ਬੇਬੀ ਕੇਅਰ ਸੈਂਟਰ ਹਸਪਤਾਲ 'ਚ ਲੱਗੀ ਅੱਗ ਨੇ ਇੱਕੋ ਸਮੇਂ ਕਈ ਘਰਾਂ ਦੀਆਂ ਚਿਰਾਗ ਬੁਝਾ ਦਿੱਤੇ ਹਨ। ਹਾਦਸੇ ਤੋਂ ਬਾਅਦ ਹਸਪਤਾਲ ਦੀਆਂ ਕਮੀਆਂ ਵੀ ਸਾਹਮਣੇ ਆਈਆਂ ਹਨ। ਬੇਵਕਤੀ ਆਪਣੇ ਬੱਚਿਆਂ ਦੀ ਮੌਤ ਤੇ ਮਾਪੇ ਅਤੇ ਪਰਿਵਾਰ ਹੁਣ ਆਪਣੇ ਆਪ ਨੂੰ ਕੋਸ ਰਹੇ ਹਨ।







ਪੂਰਬੀ ਦਿੱਲੀ ਦੇ ਜਵਾਲਾ ਨਗਰ ਦੇ ਰਹਿਣ ਵਾਲੇ ਵਿਨੋਦ ਦੀ ਪਤਨੀ ਜੋਤੀ ਨੇ ਸ਼ਨੀਵਾਰ ਸਵੇਰੇ ਬੇਟੇ ਨੂੰ ਜਨਮ ਦਿੱਤਾ। ਪੁੱਤਰ ਨੂੰ ਜਨਮ ਤੋਂ ਹੀ ਸਾਹ ਲੈਣ ਵਿੱਚ ਤਕਲੀਫ਼ ਸੀ। ਪਰਿਵਾਰ ਨੇ ਉਸ ਨੂੰ ਸ਼ਨੀਵਾਰ ਸਵੇਰੇ 11:30 ਵਜੇ ਬੇਬੀ ਕੇਅਰ ਸੈਂਟਰ ਹਸਪਤਾਲ 'ਚ ਦਾਖਲ ਕਰਵਾਇਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਛੇ ਸਾਲ ਬਾਅਦ ਘਰ ਵਿੱਚ ਬੱਚੇ ਦੀਆਂ ਕਿਲਕਾਰੀਆਂ ਸੁਣੀਆ ਦਿੱਤੀ ਪਰ ਇਹ ਖੁਸ਼ੀ ਇੱਕ ਦਿਨ ਬਾਅਦ ਹੀ ਸੋਗ ਵਿੱਚ ਬਦਲ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਸਵੇਰੇ ਟੀਵੀ ਦੇਖਦੇ ਸਮੇਂ ਅੱਗ ਲੱਗਣ ਦਾ ਪਤਾ ਲੱਗਾ।



ਬਾਗਪਤ ਦੇ ਪਿੰਡ ਗੜ੍ਹੀ ਕਲੰਜਰੀ ਦਾ ਰਹਿਣ ਵਾਲਾ 28 ਸਾਲਾ ਪਵਨ ਯੂਪੀ ਪੁਲਿਸ ਵਿੱਚ ਕਾਂਸਟੇਬਲ ਹੈ। ਇਸ ਸਮੇਂ ਉਹ ਫ਼ਿਰੋਜ਼ਾਬਾਦ ਵਿੱਚ ਤਾਇਨਾਤ ਹੈ। ਪਤਨੀ ਭਾਰਤੀ ਨੇ ਛੇ ਦਿਨ ਪਹਿਲਾਂ ਬੇਟੀ ਨੂੰ ਜਨਮ ਦਿੱਤਾ ਸੀ। ਡਾਕਟਰਾਂ ਨੇ ਦੱਸਿਆ ਕਿ ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਇਸ ਕਾਰਨ ਉਸ ਨੂੰ ਵਿਵੇਕ ਵਿਹਾਰ ਸਥਿਤ ਬੇਬੀ ਕੇਅਰ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਸੀ।


ਇਸ ਦੇ ਨਾਲ ਹੀ ਗਾਜ਼ੀਆਬਾਦ ਦੇ ਰਾਧਾ ਕੁੰਜ ਬੁੱਧ ਵਿਹਾਰ 'ਚ ਰਹਿਣ ਵਾਲੇ 30 ਸਾਲਾ ਰਾਜਕੁਮਾਰ ਦੀ ਪਤਨੀ ਉਮਾ ਨੇ 7 ਦਿਨ ਪਹਿਲਾਂ ਬੇਟੀ ਨੂੰ ਜਨਮ ਦਿੱਤਾ ਸੀ। ਬੁਖਾਰ ਅਤੇ ਛਾਤੀ 'ਚ ਇਨਫੈਕਸ਼ਨ ਕਾਰਨ ਉਸ ਨੂੰ ਗਾਜ਼ੀਆਬਾਦ ਤੋਂ ਦਿੱਲੀ ਦੇ ਬੇਬੀ ਕੇਅਰ ਸੈਂਟਰ 'ਚ ਰੈਫਰ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ, ਜੋ ਕਿ ਸੱਤ ਦਿਨਾਂ ਤੋਂ ਦਾਖਲ ਸੀ,  ਠੀਕ ਹੋ ਗਈ ਸੀ। ਡਾਕਟਰਾਂ ਨੇ ਉਸ ਨੂੰ ਐਤਵਾਰ ਨੂੰ ਛੁੱਟੀ ਦੇਣ ਲਈ ਕਿਹਾ ਸੀ। ਐਤਵਾਰ ਨੂੰ ਉਸ ਨੂੰ ਲੈਣ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਹਸਪਤਾਲ 'ਚ ਅੱਗ ਲੱਗਣ ਦੀ ਖ਼ਬਰ ਮਿਲ ਗਈ। ਜਦੋਂ ਉਹ ਦਿੱਲੀ ਪੁੱਜੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਧੀ ਦੀ ਮੌਤ ਹੋ ਗਈ ਹੈ।