Delhi MCD Election 2022 : ਦਿੱਲੀ ਨਗਰ ਨਿਗਮ (ਐਮਸੀਡੀ) ਦੇ ਸਾਰੇ 250 ਵਾਰਡਾਂ ਲਈ ਐਤਵਾਰ ਸਵੇਰੇ 8 ਵਜੇ ਤੋਂ ਵੋਟਿੰਗ ਹੋਵੇਗੀ। ਇਸ ਚੋਣ ਵਿੱਚ ਆਮ ਆਦਮੀ ਪਾਰਟੀ (ਆਪ), ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਵਿੱਚ ਤਿਕੋਣਾ ਮੁਕਾਬਲਾ ਹੈ। ਐਮਸੀਡੀ ਚੋਣਾਂ ਲਈ ਕੁੱਲ 1,349 ਉਮੀਦਵਾਰ ਮੈਦਾਨ ਵਿੱਚ ਹਨ ਅਤੇ ਉਨ੍ਹਾਂ ਦੀ ਕਿਸਮਤ ਦਾ ਫੈਸਲਾ 7 ਦਸੰਬਰ ਨੂੰ ਹੋਵੇਗਾ। 15 ਸਾਲਾਂ ਤੋਂ ਐਮਸੀਡੀ ਵਿੱਚ ਰਹੀ ਭਾਜਪਾ ਨੇ ਆਪਣੀ ਜਿੱਤ ਬਰਕਰਾਰ ਰੱਖਣ ਲਈ ਇਸ ਚੋਣ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ।



 ਐਮਸੀਡੀ ਵਿੱਚ 'ਆਪ' ਦੀ ਐਂਟਰੀ ਚਾਹੁੰਦੇ ਕੇਜਰੀਵਾਲ 

ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਵੀ ਭਾਜਪਾ ਨੂੰ ਕਰਾਰੀ ਹਾਰ ਦੇਣ ਤੋਂ ਬਾਅਦ 'ਆਪ' ਦੀ ਐਮਸੀਡੀ 'ਚ ਐਂਟਰੀ ਚਾਹੁੰਦੇ ਹਨ। MCD ਚੋਣ ਪ੍ਰਚਾਰ ਦੌਰਾਨ 'ਆਪ' ਨੇ ਕੂੜਾ ਅਤੇ ਗੰਦਗੀ ਦੇ ਮੁੱਦਿਆਂ 'ਤੇ ਭਾਜਪਾ ਨੂੰ ਘੇਰਿਆ ਹੈ, ਜਦਕਿ ਭਾਜਪਾ ਦਾ ਦੋਸ਼ ਹੈ ਕਿ ਕੇਜਰੀਵਾਲ ਸਰਕਾਰ ਨੇ MCD 'ਚ ਕੰਮ ਨਹੀਂ ਹੋਣ ਦਿੱਤਾ ਹੈ।

ਕਾਂਗਰਸ ਦਿੱਲੀ ਦੀ ਰਾਜਨੀਤੀ ਵਿੱਚ ਵਾਪਸੀ ਲਈ ਬੇਤਾਬ 

ਦੂਜੇ ਪਾਸੇ ਦਿੱਲੀ ਦੀ ਸੱਤਾ ਤੋਂ ਦੂਰ ਅਤੇ ਐਮਸੀਡੀ ਤੋਂ ਦੂਰ ਕਾਂਗਰਸ ਵੀ ਦਿੱਲੀ ਦੀ ਰਾਜਨੀਤੀ ਵਿੱਚ ਵਾਪਸੀ ਲਈ ਬੇਤਾਬ ਹੈ। ਜਿੱਥੇ ਭਾਜਪਾ ਐਮਸੀਡੀ ਵਿੱਚ ਅਤੇ ਆਪ ਦਿੱਲੀ 'ਚ ਆਪਣੀ ਸਰਕਾਰ ਬਣਾਈ ਹੈ ,ਓਥੇ ਕਾਂਗਰਸ ਵੀ ਐਮਸੀਡੀ ਚੋਣਾਂ ਤੋਂ ਵਾਪਸੀ ਲਈ ਬੇਤਾਬ ਹੈ। ਕਾਂਗਰਸ ਨੇ ਐਮਸੀਡੀ ਚੋਣਾਂ ਲਈ ਜਨਤਾ ਨੂੰ ਲੁਭਾਉਣ ਲਈ ਵੱਡੇ-ਵੱਡੇ ਵਾਅਦੇ ਕੀਤੇ ਹਨ। ਦਿੱਲੀ, ਜਿਸ 'ਤੇ ਕਦੇ ਕਾਂਗਰਸ ਦਾ ਕਈ ਸਾਲਾਂ ਤੱਕ ਰਾਜ ਸੀ, ਹੁਣ ਰਾਜਧਾਨੀ ਦੀ ਰਾਜਨੀਤੀ ਵਿਚ ਵਾਪਸੀ ਕਰਨ ਲਈ ਬੇਤਾਬ ਹੈ।

ਜਨਤਾ ਨੂੰ ਲੁਭਾਉਣ ਲਈ ਕੀਤੇ ਕਈ ਵਾਅਦੇ

ਦਿੱਲੀ ਨਗਰ ਨਿਗਮ ਦੇਸ਼ ਦੀ ਸਭ ਤੋਂ ਵੱਡੀ ਨਿਗਮ ਹੈ ਅਤੇ ਭਾਜਪਾ, ਕਾਂਗਰਸ ਅਤੇ 'ਆਪ' ਨੇ ਇਸ ਵਿੱਚ ਆਪਣੀ ਸਰਕਾਰ ਬਣਾਉਣ ਲਈ ਦਿੱਲੀ ਦੇ ਲੋਕਾਂ ਨੂੰ ਲੁਭਾਉਣ ਲਈ ਕਈ ਵਾਅਦੇ ਕੀਤੇ ਹਨ। 'ਆਪ' ਨੇ ਦਿੱਲੀ ਦੇ ਲੋਕਾਂ ਨੂੰ ਕੂੜੇ ਦੇ ਤਿੰਨੋਂ ਪਹਾੜਾਂ ਨੂੰ ਖਤਮ ਕਰਕੇ MCD ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੀ ਗਾਰੰਟੀ ਦਿੱਤੀ ਹੈ। ਇਸ ਦੇ ਨਾਲ ਹੀ ਭਾਜਪਾ ਨੇ ਆਪਣੇ ਸੰਕਲਪ ਪੱਤਰ 'ਚ ਵਾਅਦਾ ਕੀਤਾ ਹੈ ਕਿ ਉਹ ਕੇਂਦਰ ਸਰਕਾਰ ਦੀ ਮਦਦ ਨਾਲ 5 ਸਾਲਾਂ 'ਚ ਦਿੱਲੀ 'ਚ 7 ਲੱਖ ਗਰੀਬ ਲੋਕਾਂ ਨੂੰ ਘਰ ਮੁਹੱਈਆ ਕਰਵਾਏਗੀ। ਦੂਜੇ ਪਾਸੇ ਕਾਂਗਰਸ ਨੇ ਗਾਜ਼ੀਪੁਰ, ਭਲਸਵਾ ਅਤੇ ਓਖਲਾ ਵਿੱਚ ਕੂੜੇ ਦੇ ਕੁਤੁਬ ਮੀਨਾਰ ਨੂੰ 18 ਮਹੀਨਿਆਂ ਵਿੱਚ ਖਤਮ ਕਰਨ ਦਾ ਵਾਅਦਾ ਕੀਤਾ ਹੈ।