ਨਵੀਂ ਦਿੱਲੀ: ਦਿੱਲੀ ’ਚ ਸ਼ਰਾਬ ਪੀਣ ਦੀ ਕਾਨੂੰਨੀ ਉਮਰ ਨੂੰ 25 ਸਾਲਾਂ ਤੋਂ ਘਟਾ ਕੇ 21 ਸਾਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਡ੍ਰਾਈ ਡੇਅਜ਼ ਦੀ ਗਿਣਤੀ ਵੀ ਘਟਾ ਕੇ ਤਿੰਨ ਕੀਤੀ ਜਾ ਸਕਦੀ ਹੈ। ਦਿੱਲੀ ਸਰਕਾਰ ਵੱਲੋਂ ਬਣਾਈ ਕਮੇਟੀ ਨੇ ਇਹ ਸੁਝਾਅ ਦਿੱਤੇ ਹਨ, ਜਿਸ ਉੱਤੇ ਜਨਤਾ ਦੇ ਸੁਝਾਅ ਜਾਣਨ ਤੋਂ ਬਾਅਦ ਫ਼ੈਸਲਾ ਲਿਆ ਜਾਣਾ ਹੈ।


ਦਿੱਲੀ ਸਰਕਾਰ ਨੇ ਆਬਕਾਰੀ ਆਮਦਨ ਵਧਾਉਣ ਦੇ ਤਰੀਕੇ ਸੁਝਾਉਣ ਲਈ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ ਸਿਫ਼ਾਰਸ਼ ਕਰਦਿਆਂ ਦਲੀਲ ਦਿੱਤੀ ਹੈ ਕਿ ਗੁਆਂਢੀ ਰਾਜਾਂ ਉੱਤਰ ਪ੍ਰਦੇਸ਼ ਤੇ ਹਰਿਆਣਾ ’ਚ ਸ਼ਰਾਬ ਪੀਣ ਦੀ ਕਾਨੂੰਨੀ ਉਮਰ 21 ਸਾਲ ਹੈ।

ਇੰਝ ਹੀ ਕਮੇਟੀ ਨੇ ਗੁਆਂਢੀ ਰਾਜਾਂ ਪੰਜਾਬ, ਉੱਤਰ ਪ੍ਰਦੇਸ਼ ਤੇ ਹਰਿਆਣਾ ਦੀ ਤਰਜ਼ ਉੱਤੇ ਸਾਲ ਵਿੱਚ ‘ਡ੍ਰਾਈ ਡੇਅਜ਼’ ਦੀ ਗਿਣਤੀ ਘਟਾ ਕੇ ਤਿੰਨ ਕਰਨ ਦਾ ਸੁਝਾਅ ਵੀ ਦਿੱਤਾ ਹੈ। ਜੇ ਇਹ ਸੁਝਾਅ ਮੰਨ ਲਿਆ ਜਾਂਦਾ ਹੈ, ਤਾਂ ਦਿੱਲੀ ਵਿੱਚ ਗਣਤੰਤਰ ਦਿਵਸ, ਸੁਤੰਤਰਤਾ ਦਿਵਸ ਤੇ ਗਾਂਧੀ ਜਯੰਤੀ ਮੌਕੇ ਹੀ ਸ਼ਰਾਬ ਦੇ ਠੇਕੇ ਬੰਦ ਰਹਿਣਗੇ।

ਇਸ ਦੇ ਨਾਲ ਹੀ ਡਿਪਾਰਟਮੈਂਟਲ ਸਟੋਰਜ਼ ਵਿੱਚ ਬੀਅਰ ਤੇ ਵਾਈਨ ਵੇਚਣ ਲਈ ਲਾਇਸੈਂਸ ਜਾਰੀ ਕਰਨ ਦੀਆਂ ਸ਼ਰਤਾਂ ਆਸਾਨ ਬਣਾਉਣ ਤੇ ਪੂਰੇ ਸ਼ਹਿਰ ਵਿੱਚ ਇੱਕਸਮਾਨ ਠੇਕੇ ਖੋਲ੍ਹਣ ਦਾ ਸੁਝਾਅ ਦਿੱਤਾ ਗਿਆ ਹੈ। ਇਸ ਵੇਲੇ ਦਿੱਲੀ ਵਿੱਚ ਸ਼ਰਾਬ ਦੇ 864 ਠੇਕੇ ਹਨ ਪਰ ਇਹ ਕਿਤੇ ਵੱਧ ਹਨ ਤੇ ਕਿਤੇ ਘੱਟ। ਕਮੇਟੀ ਦੇ ਸੁਝਾਅ ਮੁਤਾਬਕ 272 ਮਿਉਂਸਪਲ ਵਾਰਡਾਂ ਵਿੱਚ ਸ਼ਰਾਬ ਦੀਆਂ ਤਿੰਨ-ਤਿੰਨ ਦੁਕਾਨਾਂ ਹੋਣੀਆਂ ਚਾਹੀਦੀਆਂ ਹਨ।

ਕਮੇਟੀਆਂ ਇਹ ਸਿਫ਼ਾਰਸ਼ਾਂ ਦਿੱਲੀ ਸਰਕਾਰ ਦੇ ਐਕਸਾਈਜ਼ ਵਿਭਾਗ ਦੀ ਵੈੱਬਸਾਈਟ ਉੱਤੇ ਅਪਲੋਡ ਕੀਤੀਆਂ ਗਈਆਂ ਹਨ ਤੇ ਇਸ ਬਾਰੇ ਜਨਤਾ ਤੋਂ ਸੁਝਾਅ ਮੰਗੇ ਗਏ ਹਨ। ਲੋਕ ਈ–ਮੇਲ ਰਾਹੀਂ ਆਪਣੇ ਸੁਝਾਅ excise.policy@delhi.gov.in ਉੱਤੇ ਭੇਜ ਸਕਦੇ ਹਨ। ਸੁਝਾਅ ਦੇਣ ਦੀ ਆਖ਼ਰੀ ਤਰੀਕ 21 ਜਨਵਰੀ, 2021 ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904