Delhi News : ਦਿੱਲੀ ਦੇ ਕੁੱਝ ਮੈਟਰੋ ਸਟੇਸ਼ਨਾਂ (Metro Station) ਅਤੇ ਸਕੂਲਾਂ ਦੀਆਂ ਕੰਧਾਂ 'ਤੇ ਖਾਲਿਸਤਾਨ ਅਤੇ SFJ ਦੇ ਸਮਰਥਨ 'ਚ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਹੁਣ ਇਸ ਮਾਮਲੇ 'ਚ ਨਾਂਗਲੋਈ ਮੈਟਰੋ ਸਟੇਸ਼ਨ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਪੁਲੀਸ ਨੇ ਫਿਲਹਾਲ ਕੰਧਾਂ ’ਤੇ ਲਿਖੇ ਨਾਅਰਿਆਂ ਨੂੰ ਮਿਟਾ ਦਿੱਤਾ ਹੈ। ਹਾਲਾਂਕਿ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

 

ਦਿੱਲੀ ਦੇ ਪੰਜ ਮੈਟਰੋ ਸਟੇਸ਼ਨਾਂ ਦੇ ਬਾਹਰ ਨਾਅਰੇ ਲਿਖੇ ਗਏ ਸੀ। ਇਸ ਤੋਂ ਬਾਅਦ ਨੋਟਿਸ ਲੈਂਦੇ ਹੋਏ ਨੰਗਲੋਈ ਮੈਟਰੋ ਸਟੇਸ਼ਨ ਪੁਲਿਸ ਸਟੇਸ਼ਨ ਵਿੱਚ ਆਈਪੀਸੀ ਦੀ ਧਾਰਾ 153, 153ਏ ਅਤੇ 505 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਮਾਣਹਾਨੀ ਐਕਟ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਤਾ ਲੱਗਾ ਹੈ ਕਿ ਮਾਮਲੇ ਦੀ ਜਾਂਚ ਹੁਣ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਵੀ ਦੋਸ਼ੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰੇਗੀ।

 

ਸਤੰਬਰ 'ਚ ਦਿੱਲੀ 'ਚ G20 ਦੀ ਬੈਠਕ ਹੋਵੇਗੀ

 

ਦੀਵਾਰਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਅਜਿਹੇ ਸਮੇਂ ਲਿਖੇ ਗਏ ਹਨ ਜਦੋਂ ਅਗਲੇ ਮਹੀਨੇ ਦਿੱਲੀ 'ਚ ਜੀ-20 ਦੀ ਬੈਠਕ ਹੋਣ ਜਾ ਰਹੀ ਹੈ। ਇਸ ਨੂੰ ਦੇਖਦੇ ਹੋਏ ਦਿੱਲੀਪੁਲਿਸ 'ਚ ਹੜਕੰਪ ਮਚ ਗਿਆ। ਸੂਚਨਾ ਮਿਲਦੇ ਹੀ ਸਭ ਤੋਂ ਪਹਿਲਾਂ ਕੰਧਾਂ ਦੀ ਸਫ਼ਾਈ ਕਰਵਾਈ ਗਈ। ਇਹ ਨਾਅਰੇ ਦਿੱਲੀ ਮੈਟਰੋ ਦੇ ਸ਼ਿਵਾਜੀ ਪਾਰਕ, ​​ਨੰਗਲੋਈ, ਮਾਦੀਪੁਰ, ਪੱਛਮ ਵਿਹਾਰ ਅਤੇ ਉਦਯੋਗ ਵਿਹਾਰ ਮਹਾਰਾਜਾ ਸੂਰਜਮਲ ਸਟੇਡੀਅਮ ਸਟੇਸ਼ਨਾਂ ਦੀਆਂ ਕੰਧਾਂ 'ਤੇ ਲਿਖੇ ਹੋਏ ਸਨ। ਇਸ ਤੋਂ ਇਲਾਵਾ ਨਾਂਗਲੋਈ ਸਥਿਤ ਸਰਵੋਦ ਬਾਲ ਵਿਦਿਆਲਿਆ ਅਤੇ ਪੰਜਾਬੀ ਬਾਗ ਸਥਿਤ ਸਕੂਲ ਵਿੱਚ ਨਾਅਰੇ ਲਿਖੇ ਗਏ ਸੀ।


 

ਕੰਧਾਂ 'ਤੇ ਲਿਖੇ ਹੋਏ ਸਨ ਇਹ ਨਾਅਰੇ 


ਮੈਟਰੋ ਦੀਆਂ ਕੰਧਾਂ 'ਤੇ 'ਦਿੱਲੀ ਬਣੇਗਾ ਖਾਲਿਸਤਾਨ SFJ' ਅਤੇ 'ਭਾਰਤ ਖਾਲਿਸਤਾਨ ਦਾ ਹਿੱਸਾ ਹੈ' ਲਿਖੇ ਹੋਏ ਸਨ। ਇਸ ਤੋਂ ਇਲਾਵਾ ਪੀਐਮ ਨਰਿੰਦਰ ਮੋਦੀ ਬਾਰੇ ਇਤਰਾਜ਼ਯੋਗ ਗੱਲਾਂ ਲਿਖੀਆਂ ਗਈਆਂ ਸੀ। ਦੂਜੇ ਪਾਸੇ ਜੀ-20 ਬੈਠਕ ਨੂੰ ਲੈ ਕੇ ਰਾਜਧਾਨੀ 'ਚ ਸੁਰੱਖਿਆ ਸਖਤ ਹੈ। ਦਿੱਲੀ ਪੁਲਿਸ, ਟ੍ਰੈਫਿਕ ਪੁਲਿਸ ਤੋਂ ਇਲਾਵਾ ਖੁਫੀਆ ਏਜੰਸੀਆਂ ਵੀ ਅਲਰਟ 'ਤੇ ਹਨ।