Delhi Weather Update : ਅਪ੍ਰੈਲ ਦੇ ਮਹੀਨੇ ਦਿੱਲੀ ਵਿੱਚ ਗਰਮੀ ਨੇ ਰਿਕਾਰਡ ਕਾਇਮ ਕਰ ਦਿੱਤਾ ਹੈ। ਮੌਸਮ ਵਿਭਾਗ (IMD) ਦੇ ਅਨੁਸਾਰ ਦਿੱਲੀ ਵਿੱਚ 72 ਸਾਲਾਂ ਵਿੱਚ ਦੂਜਾ ਸਭ ਤੋਂ ਗਰਮ ਅਪ੍ਰੈਲ ਦਰਜ ਕੀਤਾ ਗਿਆ ਹੈ। ਅਪ੍ਰੈਲ ਵਿੱਚ ਹੁਣ ਤੱਕ ਔਸਤ ਮਾਸਿਕ ਅਧਿਕਤਮ ਤਾਪਮਾਨ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ ਦੇ ਕੁਝ ਖੇਤਰਾਂ ਵਿੱਚ ਜੋ ਪਹਿਲਾਂ ਤੋਂ ਹੀ ਭਿਆਨਕ ਗਰਮੀ ਦੀ ਲਹਿਰ ਦਾ ਸਾਹਮਣਾ ਕਰ ਰਹੇ ਹਨ, ਸ਼ੁੱਕਰਵਾਰ ਨੂੰ ਪਾਰਾ 46 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।

 

ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 43.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੇ 12 ਸਾਲਾਂ ਵਿੱਚ ਅਪ੍ਰੈਲ ਮਹੀਨੇ ਦਾ ਸਭ ਤੋਂ ਵੱਧ ਤਾਪਮਾਨ ਸੀ। ਰਾਸ਼ਟਰੀ ਰਾਜਧਾਨੀ ਵਿੱਚ ਵੱਧ ਤੋਂ ਵੱਧ ਤਾਪਮਾਨ 18 ਅਪ੍ਰੈਲ 2010 ਨੂੰ 43.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। 29 ਅਪ੍ਰੈਲ 1941 ਨੂੰ ਅਪ੍ਰੈਲ ਮਹੀਨੇ ਵਿੱਚ ਦਿੱਲੀ ਵਿੱਚ ਸਭ ਤੋਂ ਵੱਧ ਤਾਪਮਾਨ 45.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

 

ਸੀਨੀਅਰ ਵਿਗਿਆਨੀ ਆਰਕੇ ਜੇਨਾਮਾਨੀ ਨੇ ਕਿਹਾ, ''ਸਫਦਰਜੰਗ ਆਬਜ਼ਰਵੇਟਰੀ 'ਚ ਸ਼ੁੱਕਰਵਾਰ ਨੂੰ ਤਾਪਮਾਨ 0.5 ਤੋਂ ਇਕ ਡਿਗਰੀ ਤੱਕ ਵਧਣ ਦੀ ਸੰਭਾਵਨਾ ਹੈ। ਕੁਝ ਥਾਵਾਂ 'ਤੇ ਇਹ 46 ਡਿਗਰੀ ਸੈਲਸੀਅਸ ਤੱਕ ਵੀ ਪਹੁੰਚ ਸਕਦਾ ਹੈ। ”ਉਨ੍ਹਾਂ ਨੇ ਕਿਹਾ ਕਿ ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਸ਼ੁੱਕਰਵਾਰ ਨੂੰ ਸਭ ਤੋਂ ਵੱਧ ਤਾਪਮਾਨ ਦਰਜ ਹੋਣ ਦੀ ਉਮੀਦ ਹੈ।

 

ਜੇਨਾਮਾਨੀ ਨੇ ਕਿਹਾ ਕਿ 2 ਤੋਂ 4 ਮਈ ਦਰਮਿਆਨ ਰਾਜਸਥਾਨ, ਦਿੱਲੀ, ਪੰਜਾਬ ਅਤੇ ਹਰਿਆਣਾ ਵਿੱਚ ਹਲਕੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 36 ਤੋਂ 39 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਕਾਰਡ ਕੀਤਾ ਜਾ ਸਕਦਾ ਹੈ। ਆਈਐਮਡੀ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਦਿੱਲੀ ਦੇ ਕਈ ਹਿੱਸਿਆਂ ਵਿੱਚ 'ਆਰੇਂਜ ਅਲਰਟ' ਜਾਰੀ ਕੀਤਾ ਹੈ, ਲੋਕਾਂ ਨੂੰ ਭਿਆਨਕ ਗਰਮੀ ਦੀ ਲਹਿਰ ਬਾਰੇ ਚੇਤਾਵਨੀ ਦਿੱਤੀ ਹੈ।
  

ਮੌਸਮ ਵਿਭਾਗ ਨੇ ਮੌਸਮ ਦੀ ਚਿਤਾਵਨੀ ਲਈ ਚਾਰ ਕਲਰ ਅਲਰਟ ਜਾਰੀ ਕੀਤੇ ਹਨ। 'ਗਰੀਨ ਅਲਰਟ' (ਕੋਈ ਕਾਰਵਾਈ ਦੀ ਲੋੜ ਨਹੀਂ), 'ਯੈਲੋ ਅਲਰਟ' (ਸਥਿਤੀ 'ਤੇ ਨਜ਼ਰ ਰੱਖੋ), 'ਆਰੇਂਜ ਅਲਰਟ' (ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹੋ) ਅਤੇ 'ਰੈੱਡ ਅਲਰਟ' (ਸਥਿਤੀ ਨਾਲ ਨਜਿੱਠਣ ਲਈ ਕਦਮ ਚੁੱਕੋ)