ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਮਹੀਨਿਆਂ ਦੀ ਤਲਾਸ਼ ਤੋਂ ਬਾਅਦ ਦਿੱਲੀ ਦੰਗਿਆਂ 'ਚ ਰਾਹੁਲ ਸੋਲੰਕੀ ਦੀ ਹੱਤਿਆ ਦੇ ਮੁਲਜ਼ਮ ਮੁਸਤਕਿਮ ਸੈਫੀ ਨੂੰ ਗ੍ਰਿਫਤਾਰ ਕਰ ਲਿਆ ਹੈ। 24 ਫਰਵਰੀ ਨੂੰ ਸ਼ਿਵ ਵਿਹਾਰ ਇਲਾਕੇ ਦੇ ਰਾਜਧਾਨੀ ਸਕੂਲ ਕੋਲ ਰਾਹੁਲ ਸੋਲੰਕੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦਿੱਲੀ ਦੰਗਿਆਂ ਦੀ ਜਾਂਚ ਦੌਰਾਨ ਪੁਲਿਸ ਦੇ ਹੱਥ ਵੀਡੀਓ ਲੱਗੀ ਸੀ ਜਿਸ 'ਚ ਮੁਲਜ਼ਮ ਹੈਲਮੇਟ ਪਾਈ ਨਜ਼ਰ ਆ ਰਿਹਾ ਸੀ।


ਇਸ ਮਾਮਲੇ 'ਚ ਪੁਲਿਸ ਨੇ 7 ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਪਰ ਭੀੜ 'ਚ ਸ਼ਾਮਲ ਮੁੱਖ ਮੁਲਜ਼ਮ ਦੀ ਭਾਲ ਪਿਛਲੇ ਛੇ ਮਹੀਨਿਆਂ ਤੋਂ ਜਾਰੀ ਸੀ। ਇਸ ਦੀ ਪਛਾਣ ਦੱਸਣ ਵਾਲੇ ਨੂੰ ਪੁਲਿਸ ਨੇ ਇੱਕ ਲੱਖ ਰੁਪਏ ਇਨਾਮ ਦਾ ਐਲਾਨ ਕੀਤਾ ਸੀ।'ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਮੁਤਾਬਕ ਇਸ ਮਾਮਲੇ 'ਚ


ਸੈਂਕੜੇ ਲੋਕਾਂ ਤੋਂ ਪੁੱਛਗਿਛ ਕੀਤੀ ਗਈ। ਹੈਲਮੇਟ ਪਾਇਆ ਹੋਣ ਕਾਰਨ ਵੀਡੀਓ 'ਚ ਕੋਈ ਵੀ ਵਿਅਕਤੀ ਸੈਫੀ ਨੂੰ ਪਛਾਣ ਨਹੀਂ ਪਾ ਰਿਹਾ ਸੀ। ਆਖਰਕਾਰ ਛੇ ਮਹੀਨੇ ਬਾਅਦ ਪੁਲਿਸ ਨੂੰ ਕਾਮਯਾਬੀ ਮਿਲੀ ਜਦ ਉਸ ਦੇ ਹੀ ਇਲਾਕੇ ਦੇ ਇਕ ਮੁਖਬਰ ਨੇ ਪੁਲਿਸ ਨੂੰ ਦੱਸਿਆ ਕਿ ਸੈਫੀ ਉਹ ਵਿਅਕਤੀ ਹੋ ਸਕਦਾ ਹੈ ਜਿਸ ਦੀ ਪੁਲਿਸ ਨੂੰ ਤਲਾਸ਼ ਹੈ।


ਪੁਲਿਸ ਨੇ ਇਸ ਨੂੰ ਹਿਰਾਸਤ 'ਚ ਲੈਕੇ ਜਦੋਂ ਸਖਤੀ ਨਾਲ ਪੁੱਛਗਛ ਕੀਤੀ ਤਾਂ ਇਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਿਸ ਮੁਤਾਬਕ ਮੁਸਤਕਿਮ ਸੈਫੀ ਪੇਸ਼ੇ ਤੋਂ ਕਾਰਪੇਂਟਰ ਹੈ। ਪੁਲਿਸ ਨੇ ਉਸ ਕੋਲੋਂ ਵਾਰਦਾਤ 'ਚ ਵਰਤੇ ਹਥਿਆਰ ਵੀ ਬਰਮਾਦ ਕਰ ਲਏ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ