Delhi Schools Bomb Threat: ਹੁਣ ਦਿੱਲੀ ਦੇ ਸਕੂਲਾਂ ਨੂੰ ਲਗਾਤਾਰ ਮਿਲ ਰਹੀਆਂ ਬੰਬ ਦੀਆਂ ਧਮਕੀਆਂ ਨੂੰ ਲੈ ਕੇ ਪੁਲਿਸ ਚੌਕਸ ਹੋ ਗਈ ਹੈ ਅਤੇ ਜਾਂਚ 'ਚ ਲੱਗੀ ਹੋਈ ਹੈ। ਇਸ ਦੌਰਾਨ ਧਮਕੀ ਭਰੀ ਈਮੇਲ ਦੇ ਇੱਕ ਪੁਰਾਣੇ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਬੱਚੇ ਨੂੰ ਟ੍ਰੇਸ ਕੀਤਾ ਹੈ।


ਸਪੈਸ਼ਲ ਸੈੱਲ ਦੇ ਸੂਤਰਾਂ ਅਨੁਸਾਰ ਇਸ ਬੱਚੇ ਨੇ ਆਪਣੇ ਹੀ ਸਕੂਲ ਨੂੰ ਬੰਬ ਦੀ ਧਮਕੀ ਦਾ ਈਮੇਲ ਭੇਜੀ ਸੀ। ਆਈਪੀ ਐਡਰੈੱਸ ਨੂੰ ਟਰੇਸ ਕਰਦਿਆਂ ਹੋਇਆਂ ਦਿੱਲੀ ਪੁਲਿਸ ਸਪੈਸ਼ਲ ਸੈੱਲ ਦੀ ਟੀਮ ਉਸ ਦੇ ਘਰ ਪਹੁੰਚੀ। ਪੁੱਛਗਿੱਛ ਦੌਰਾਨ ਬੱਚੇ ਨੇ ਦੱਸਿਆ ਕਿ ਇਹ ਸ਼ਰਾਰਤ ਉਸ ਨੇ ਹੀ ਕੀਤੀ ਹੈ। ਇਸ ਤੋਂ ਬਾਅਦ ਬੱਚੇ ਦੀ ਕਾਊਂਸਲਿੰਗ ਕਰਕੇ ਛੱਡ ਦਿੱਤਾ ਗਿਆ। ਉਸ ਦੇ ਮਾਪਿਆਂ ਨੂੰ ਵੀ ਬੱਚੇ 'ਤੇ ਨਜ਼ਰ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ। 


ਹਾਲਾਂਕਿ ਸਪੈਸ਼ਲ ਸੈੱਲ ਮੁਤਾਬਕ ਇਹ ਬੱਚਾ ਦਿੱਲੀ ਦੇ ਕਈ ਸਕੂਲਾਂ ਨੂੰ ਮਿਲਣ ਵਾਲੀਆਂ ਬੰਬ ਧਮਕੀਆਂ ਵਿੱਚ ਸ਼ਾਮਲ ਨਹੀਂ ਹੈ। ਕਈ ਸਕੂਲਾਂ ਨੂੰ ਮਿਲਣ ਵਾਲੀਆਂ ਧਮਕੀਆਂ ਪਿੱਛੇ ਕਿਸੇ ਹੋਰ ਦੀ ਸਾਜ਼ਿਸ਼ ਹੈ, ਜਿਸ ਦਾ ਪਤਾ ਲਾਉਣ ਲਈ ਪੁਲਿਸ ਲੱਗੀ ਹੋਈ ਹੈ।