ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਗੈਸ ਚੈਂਬਰ ਵਿੱਚ ਤਬਦੀਲ ਹੋ ਗਈ ਹੈ। ਦਿੱਲੀ ਉੱਤੇ ਧੂੰਏਂ ਦੀ ਮੋਟੀ ਪਰਤ ਸਾਫ ਦਿਖਾਈ ਦਿੰਦੀ ਹੈ। ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ 500 ਦੇ ਪਾਰ ਚਲਾ ਗਿਆ ਹੈ। ਅਜਿਹਾ ਇਸ ਸਾਲ ਪਹਿਲੀ ਵਾਰ ਹੋਇਆ ਹੈ ਜਦੋਂ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ ਖ਼ਤਰਨਾਕ ਯਾਨੀ 500 ਦਾ ਪੱਧਰ ਪਾਰ ਕਰ ਚੁੱਕਿਆ ਹੈ। ਦਿੱਲੀ ਦੇ ਵੀਵੀਆਈਪੀ ਇਲਾਕੇ ਰਾਜਪਥ ’ਤੇ ਅੱਜ ਸਵੇਰੇ ਧੂੰਏਂ ਦੀ ਮੋਟੀ ਪਰਤ ਵੇਖੇ ਗਈ।

ਸ਼ਹਿਰ ਦੇ ਵੱਡੇ ਇਲਾਕਿਆਂ ’ਚ ਸ਼ਾਮਲ ਮੰਦਰ ਮਾਰਗ (707 ਏਅਰ ਇੰਡੈਕਸ), ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ (676), ਜਵਾਹਰ ਲਾਲ ਨਹਿਰੂ ਸਟੇਡੀਅਮ (681), ਆਈਟੀਆਈ ਸ਼ਾਹਦਰਾ (757), ਆਨੰਦ ਵਿਹਾਰ (752), ਅਮਰੀਕੀ ਅੰਬੈਸੀ (593), ਪੂਸਾ ਰੋਡ (748) ਤੇ ਪੰਜਾਬੀ ਬਾਗ (611) ’ਤੇ ਹਵਾ ਦੀ ਗੁਣਵੱਤਾ ਦਾ ਪੱਧਰ ਖਤਰਨਾਕ ਤੋਂ ਵੀ ਪਾਰ ਚਲਾ ਗਿਆ ਹੈ। ਇਹ ਜਾਣ ਕੇ ਹੈਰਾਨੀ ਹੋਏਗੀ ਕਿ ਦਿੱਲੀ ਵਿੱਚ ਪ੍ਰਦੂਸ਼ਣ ਨਾਪਣ ਦੀਆਂ ਜਿੰਨੀਆਂ ਵੀ ਸਰਕਾਰੀ ਵੈਬਸਾਈਟਾਂ ਹਨ, ਉਹ 500 ਤੋਂ ਉੱਪਰ ਦਾ ਡੇਟਾ ਨਹੀਂ ਨਾਪ ਸਕਦੀਆਂ।

ਯਾਦ ਰਹੇ ਕਿ ਹਵਾ ਦੀ ਗੁਣਵੱਤਾ ਉਦੋਂ ਚੰਗੀ ਮੰਨੀ ਜਾਂਦੀ ਹੈ ਜਦੋਂ ਇਸ ਦਾ ਏਅਰ ਇੰਡੈਕਸ ਕਵਾਲਟੀ (ਏਕਿਊਆਈ) 0 ਤੋਂ 50 ਦੇ ਵਿਚਕਾਰ ਹੁੰਦਾ ਹੈ। ਏਕਿਊਆਈ ਦੇ 51-100 ਵਿਚਾਲੇ ਰਹਿਣ ’ਤੇ ਹਵਾ ਦੀ ਕਵਾਲਟੀ ਤਸੱਲੀਬਖਸ਼ ਮੰਨੀ ਜਾਂਦੀ ਹੈ। 101-200 ਵਿਚਾਲੇ ਮੱਧਮ, 201-300 ਵਿਚਾਲੇ ਖਰਾਬ, 301-400 ਵਿਚਾਲੇ ਬੇਹੱਦ ਖਰਾਬ ਤੇ 401-500 ਵਿਚਾਲੇ ਹਵਾ ਦੀ ਗੁਣਵੱਤਾ ਨੂੰ ਗੰਭੀਰ ਮੰਨਿਆ ਜਾਂਦਾ ਹੈ।