Delhi News:  ਦਿੱਲੀ ਵਿੱਚ ਮੀਂਹ ਨਾ ਸਿਰਫ਼ ਪਾਣੀ ਭਰਨ ਦਾ ਕਾਰਨ ਹੈ ਸਗੋਂ ਮੌਤ ਦਾ ਕਾਰਨ ਵੀ ਬਣਦਾ ਜਾ ਰਿਹਾ ਹੈ। ਹਾਲ ਹੀ 'ਚ ਮੱਧ ਦਿੱਲੀ ਦੇ ਪਟੇਲ ਨਗਰ ਮੈਟਰੋ ਸਟੇਸ਼ਨ ਖੇਤਰ ਤੋਂ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮੀਂਹ ਤੋਂ ਬਾਅਦ ਸੜਕ 'ਤੇ ਕਰੰਟ ਲੱਗਣ ਨਾਲ UPSC ਵਿਦਿਆਰਥੀ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।


ਜਾਣਕਾਰੀ ਮੁਤਾਬਕ ਸੋਮਵਾਰ ਨੂੰ ਭਾਰੀ ਮੀਂਹ ਤੋਂ ਬਾਅਦ ਤੇਲ ਨਗਰ ਮੈਟਰੋ ਸਟੇਸ਼ਨ ਖੇਤਰ 'ਚ ਪਾਣੀ ਭਰ ਜਾਣ ਕਾਰਨ ਬਿਜਲੀ ਦੇ ਖੰਭੇ ਦੇ ਲੋਹੇ ਦੇ ਗੇਟ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਯੂ.ਪੀ.ਐੱਸ.ਸੀ ਦੀ ਤਿਆਰੀ ਕਰ ਰਹੇ ਵਿਦਿਆਰਥੀ ਦੀ ਦਰਦਨਾਕ ਮੌਤ ਹੋ ਗਈ। ਵਿਦਿਆਰਥੀ ਦੀ ਉਮਰ 26 ਸਾਲ ਸੀ ਅਤੇ ਉਹ ਯੂਪੀਐਸਸੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ।






ਜਾਣੋ ਕੀ ਸੀ ਪੂਰਾ ਮਾਮਲਾ


ਘਟਨਾ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਐਮ ਹਰਸ਼ਵਰਧਨ ਨੇ ਦੱਸਿਆ ਕਿ ਸੋਮਵਾਰ ਦੁਪਹਿਰ 2.43 ਵਜੇ ਰਣਜੀਤ ਨਗਰ ਥਾਣੇ ਨੂੰ ਸੂਚਨਾ ਮਿਲੀ ਸੀ ਕਿ ਪਟੇਲ ਨਗਰ ਮੈਟਰੋ ਸਟੇਸ਼ਨ ਨੇੜੇ ਪਾਵਰ ਜਿਮ ਕੋਲ ਬਿਜਲੀ ਦਾ ਝਟਕਾ ਲੱਗਣ ਕਾਰਨ ਇੱਕ ਵਿਅਕਤੀ ਲੋਹੇ ਦੇ ਗੇਟ ਨਾਲ ਫਸ ਗਿਆ ਹੈ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਦੇਖਿਆ ਕਿ ਵਿਅਕਤੀ ਨੂੰ ਲੋਹੇ ਦੇ ਗੇਟ ਨਾਲ ਕਰੰਟ ਲੱਗ ਗਿਆ ਸੀ ਅਤੇ ਬਰਸਾਤ ਤੋਂ ਬਾਅਦ ਸੜਕ ਪਾਣੀ ਨਾਲ ਭਰ ਗਈ ਸੀ।


ਪੀੜਤ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਵਿਦਿਆਰਥੀ ਦੀ ਪਛਾਣ 26 ਸਾਲਾ ਨੀਲੇਸ਼ ਰਾਏ ਵਜੋਂ ਹੋਈ ਹੈ, ਜੋ ਪਟੇਲ ਨਗਰ ਸਥਿਤ ਪੀਜੀ ਵਿੱਚ ਰਹਿ ਕੇ ਯੂਪੀਐਸਸੀ ਦੀ ਤਿਆਰੀ ਕਰ ਰਿਹਾ ਸੀ। ਫਿਲਹਾਲ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਥਾਣਾ ਰਣਜੀਤ ਨਗਰ ਦੀ ਪੁਲਿਸ ਨੇ ਘਟਨਾ ਦੇ ਸਬੰਧ 'ਚ ਐੱਫ.ਆਈ.ਆਰ ਦਰਜ ਕਰ ਲਈ ਹੈ ਅਤੇ ਫੋਰੈਂਸਿਕ ਟੀਮ ਵੀ ਮੌਕੇ 'ਤੇ ਭੇਜ ਦਿੱਤੀ ਗਈ ਹੈ ਜੋ ਮੌਕੇ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।