ਸਿਰਸਾ: ਡੇਰਾ ਸਿਰਸਾ ਮੁਖੀ ਨੂੰ ਦੋਸ਼ੀ ਠਹਿਰਾਉਣ ਮਗਰੋਂ ਪੰਚਕੂਲਾ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਐਸ.ਆਈ.ਟੀ. ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਪਾਸਨਾ ਨੂੰ ਗ੍ਰਿਫਤਾਰ ਕਰਨ ਲਈ ਮੰਗਲਵਾਰ ਨੂੰ ਸਿਰਸਾ ਡੇਰਾ ਤੇ ਇਸ ਦੇ ਨਾਲ ਲੱਗਦੀਆਂ ਕਲੌਨੀਆਂ ਵਿੱਚ ਟੀਮ ਪਹੁੰਚੀ।

ਡੇਰਾ ਮੁਖੀ ਨੂੰ ਸੀਬੀਆਈ ਅਦਾਲਤ ਵੱਲੋਂ ਦੋਸ਼ੀ ਠਹਿਰਾਉਣ ਮਗਰੋਂ ਪੰਚਕੂਲਾ ਵਿੱਚ ਹਿੰਸਾ ਹੋਈ ਸੀ। ਹਿੰਸਾ ਦੇ ਮਾਮਲੇ ਵਿੱਚ ਡੇਰੇ ਦੇ ਬੁਲਾਰਾ ਅਦਿੱਤਿਆ ਇੰਸਾਂ ਕੁਝ ਦੂਜੇ ਸਾਜ਼ਿਸ਼ਕਰਤਾਵਾਂ ਦੀ ਵੀ ਤਲਾਸ਼ ਵਿੱਚ ਹੈ। ਅਦਿੱਤਿਆ ਉੱਤੇ ਦੋ ਲੱਖ ਦਾ ਇਨਾਮ ਐਲਾਨਿਆ ਗਿਆ ਹੈ। ਹੁਣ ਜਾਂਚ ਵਿੱਚ ਜੁਟੀ ਟੀਮ ਵਿਪਾਸਨਾ ਇੰਸਾਂ ਦੀ ਤਲਾਸ਼ ਕਰ ਰਹੀ ਹੈ। ਮਹਿੰਦਰ ਇੰਸਾਂ ਦੀ ਗ੍ਰਿਫਤਾਰੀ ਮਗਰੋਂ ਵਿਪਾਸਨਾ ਇੰਸਾਂ ਵੀ ਅੰਡਰਗਰਾਉਂਡ ਹੈ।

ਹਿੰਸਾ ਦੇ ਮਾਮਲੇ 'ਚ ਜਾਂਚ ਦੌਰਾਨ ਪਿਛਲੇ ਸਾਲ ਐਸ.ਆਈ.ਟੀ. ਵੱਲੋਂ ਡੇਰਾ ਚੇਅਰਪਰਸਨ ਵਿਪਾਸਨਾ ਇੰਸਾਂ ਨੂੰ ਪੰਚਕੂਲਾ ਬੁਲਾਇਆ ਗਿਆ ਸੀ। ਦੋ ਵਾਰ ਨੋਟਿਸ ਭੇਜੇ ਗਏ, ਪਰ ਵਿਪਾਸਨਾ ਨੇ ਸਿਹਤ ਠੀਕ ਨਾ ਹੋਣ ਦਾ ਬਹਾਨਾ ਬਣਾ ਕੇ ਪੰਚਕੂਲਾ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ।

ਤੀਜੀ ਵਾਰ ਨੋਟਿਸ ਭੇਜਣ 'ਤੇ ਵਿਪਾਸਨਾ ਪੰਚਕੂਲਾ ਪਹੁੰਚੀ ਸੀ ਤੇ ਚੰਡੀਮੰਦਰ ਥਾਣਾ 'ਚ ਉਸ ਤੋਂ ਪੁੱਛਗਿੱਛ ਕੀਤੀ ਗਈ ਸੀ। ਇਸੇ ਦੌਰਾਨ ਐਸ.ਆਈ.ਟੀ. ਵੱਲੋਂ ਗ੍ਰਿਫ਼ਤਾਰ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਇੰਸਾਂ ਤੇ ਵਿਪਾਸਨਾ ਨੂੰ ਆਹਮਣੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਈ ਸੀ। ਇਸੇ ਦੌਰਾਨ ਵਿਪਾਸਨਾ ਤੋਂ ਹਨੀਪ੍ਰੀਤ ਦਾ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਸੀ, ਜੋ ਹਨੀਪ੍ਰੀਤ ਫ਼ਰਾਰ ਹੋਣ ਤੋਂ ਪਹਿਲਾਂ ਉਸ ਨੂੰ ਫੜਾ ਕੇ ਗਈ ਸੀ।