ਨਵੀਂ ਦਿੱਲੀ: ਰਿਜ਼ਰਵ ਬੈਂਕ ਨੇ ਬਿਮਲ ਜਾਲਾਨ ਕਮੇਟੀ ਦੀਆਂ ਸਿਫਾਰਸ਼ਾਂ ਮੰਨਦੇ ਹੋਏ ਕੈਸ਼ ਸਰਪਲੱਸ ‘ਚ 1.76 ਲੱਖ ਕਰੋੜ ਰੁਪਏ ਨੂੰ ਟ੍ਰਾਂਸਫਰ ਕਰਨ ਦੀ ਸੋਮਵਾਰ ਨੂੰ ਮਨਜੂਰੀ ਦਿੱਤੀ ਹੈ। ਇਸ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਬਾਅਦ ਹੁਣ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਜੇ ਪਤਾ ਹੀ ਨਹੀਂ ਕਿ ਦੇਸ਼ ਕਿਹੜੀ ਭਿਆਨਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ।

ਦਿਗਵਿਜੈ ਸਿੰਘ ਨੇ ਟਵੀਟ ਕੀਤਾ, “ਅਜਿਹਾ ਫੈਸਲਾ ਆਰਬੀਆਈ ਵੱਲੋਂ ਉਦੋਂ ਲਿਆ ਜਾਂਦਾ ਹੈ, ਜਦੋਂ ਤੁਹਾਡੇ ਕੋਲ ਗਵਰਨਰ ਦੇ ਤੌਰ ‘ਤੇ ਪ੍ਰਖਿਅਤ ਅਰਥਸ਼ਾਸ਼ਤਰੀ ਨਹੀਂ ਹੁੰਦੇ। ਅਸੀਂ ਕਿੱਥੇ ਜਾ ਰਹੇ ਹਾਂ।”


ਇਸ ‘ਤੇ ਮੰਗਲਵਾਰ ਨੂੰ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਆਰਥਿਕ ਸੰਕਟ ਦਾ ਹੱਲ ਨਹੀਂ ਲੱਭ ਪਾ ਰਹੇ। ਉਨ੍ਹਾਂ ਨੇ ਸਰਕਾਰ ‘ਤੇ ਆਰਬੀਆਈ ਦਾ ਪੈਸਾ ਹੜੱਪਣ ਦਾ ਇਲਜ਼ਾਮ ਵੀ ਲਾਇਆ। ਕਾਂਗਰਸ ਨੇ 1.76 ਲੱਖ ਕਰੋੜ ਰੁਪਏ ਸਰਕਾਰ ਨੂੰ ਟ੍ਰਾਂਸਫਰ ਕਰਨ ਦੇ ਫੈਸਲੈ ‘ਤੇ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੂੰ ਫਟਕਾਰਿਆ ਸੀ।

ਰਾਹੁਲ ਦੇ ਬਿਆਨ ਤੋਂ ਬਾਅਦ ਮੰਗਲਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪ੍ਰੈੱਸ ਕਾਨਫਰੰਸ ਕੀਤੀ ਤੇ ਕਿਹਾ ਸੀ ਕਿ ਜਦੋਂ ਰਾਹੁਲ ਗਾਂਧੀ ਚੋਰ-ਚੋਰ ਜਿਹੀਆਂ ਚੀਜ਼ਾਂ ਬੋਲਦੇ ਹਨ ਤਾਂ ਮੇਰੇ ਦਿਮਾਗ ‘ਚ ਇੱਕ ਚੀਜ਼ ਆਉਂਦੀ ਹੈ ਕਿ ਰਾਹੁਲ ਚੋਰ-ਚੋਰ ਕਹਿਣ ‘ਚ ਕਾਫੀ ਬਿਹਤਰ ਹਨ। ਉਨ੍ਹਾਂ ਨੇ ਦੱਸਿਆ ਕਿ ਅਜੇ ਇਸ ਗੱਲ ‘ਤੇ ਕੋਈ ਫੈਸਲਾ ਨਹੀਂ ਲਿਆ ਗਿਆ ਕਿ ਆਰਬੀਆਈ ਤੋਂ ਮਿਲੀ ਰਕਮ ਦਾ ਇਸਤੇਮਾਲ ਕਿਵੇਂ ਕੀਤਾ ਜਾਵੇਗਾ।