ਓਰਈਆ: ਮੁੰਬਈ ਹਮਲੇ ਦੇ ਦੋਸ਼ੀ ਪਾਕਿਸਤਾਨੀ ਅੱਤਵਾਦੀ ਅਜਮਲ ਕਸਾਬ ਦੇ ਨਾਂ ਹੇਠ ਉੱਤਰ ਪ੍ਰਦੇਸ਼ ਦੇ ਓਰਈਆ ਤੋਂ ਕਥਿਤ ਤੌਰ ਜਾਤ ਤੇ ਰਿਹਾਇਸ਼ ਪ੍ਰਮਾਣ ਪੱਤਰ ਯਾਨੀ ਡੌਮੀਸਾਈਲ ਸਰਟੀਫ਼ਿਕੇਟ ਜਾਰੀ ਕਰ ਦਿੱਤਾ ਗਿਆ ਹੈ। ਮਾਮਲਾ ਉਜਾਗਰ ਹੁੰਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਪ੍ਰਮਾਣ ਪੱਤਰ ਰੱਦ ਕਰ ਦਿੱਤੇ ਹਨ ਤੇ ਜਾਰੀ ਕਰਤਾ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ।


ਕਸਾਬ ਦੇ ਉਕਤ ਪ੍ਰਮਾਣ ਪੱਤਰਾਂ ਲਈ ਬਿਧੂਨਾ ਤਹਿਸੀਲ ਦੇ ਅੰਬੇਦਕਰ ਨਗਰ ਪਿੰਡ ਤੋਂ ਆਨਲਾਈਨ ਬਿਨੈ ਕੀਤਾ ਗਿਆ ਸੀ। ਅੱਤਵਾਦੀ ਅਜਮਲ ਕਸਾਬ ਦੇ ਨਾਂ 'ਤੇ ਜਾਰੀ ਕੀਤੇ ਰਿਹਾਇਸ਼ੀ ਪ੍ਰਮਾਣ ਪੱਤਰ ਵਿੱਚ 26 ਨਵੰਬਰ, 2008 ਨੂੰ ਮੁੰਬਈ ਨੂੰ ਦਹਿਲਾਉਣ ਵਾਲੇ ਪਾਕਿਸਤਾਨੀ ਅੱਤਵਾਦੀ ਦਾ ਜਨਮ ਸਥਾਨ ਵਜੋਂ ਦਰਸਾਇਆ ਗਿਆ ਹੈ। ਇਹ ਸਰਟੀਫ਼ਿਕੇਟ 21 ਅਕਤੂਬਰ 2018 ਨੂੰ ਜਾਰੀ ਕੀਤੇ ਗਏ ਸਨ।



ਹੈਰਾਨੀ ਦੀ ਗੱਲ ਹੈ ਕਿ ਆਨਲਾਈਨ ਬਿਨੈ ਦੌਰਾਨ ਬਿਨੈਕਾਰ ਨੇ ਕਸਾਬ ਦੀ ਫ਼ੋਟੋ ਵੀ ਲਾਈ ਸੀ, ਇਸ ਦੇ ਬਾਅਦ ਵੀ ਜਾਰੀ ਕਰਨ ਵਾਲੇ ਅਧਿਕਾਰੀ ਨੇ ਉਸ ਨੂੰ ਪਛਾਣਿਆ ਨਹੀਂ। ਨਾ ਹੀ ਸਰਟੀਫ਼ਿਕੇਟ ਜਾਰੀ ਕਰਨ ਤੋਂ ਪਹਿਲਾਂ ਨਾਗਰਿਕਤਾ ਦੀ ਪੁਸ਼ਟੀ ਕੀਤੀ ਗਈ ਹੈ। ਆਨਲਾਈਨ ਬਿਨੈ ਪੱਤਰ ਵਿੱਚ ਕਸਾਬ ਦੇ ਪਿਤਾ ਦਾ ਨਾਂ ਮੁਹੰਮਦ ਆਮਿਰ ਤੇ ਮਾਂ ਦਾ ਨਾਂ ਮੁਮਤਾਜ਼ ਬੇਗ਼ਮ ਲਿਖਿਆ ਹੋਇਆ ਹੈ। ਕਸਾਬ ਦੀ ਅਸਲੀ ਮਾਂ ਦਾ ਨਾਂ ਨੂਰ ਇਲਾਹੀ ਹੈ।

ਮੁੰਬਈ ਵਿੱਚ 26 ਨਵੰਬਰ, 2008 ਨੂੰ ਹੋਟਲ ਤਾਜ਼ 'ਤੇ ਹਮਲਾ ਕੀਤਾ ਗਿਆ ਸੀ। ਸੁਰੱਖਿਆ ਬਲਾਂ ਨੇ ਕਸਾਬ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਚਾਰ ਸਾਲ ਤਕ ਉਹ ਯਰਵਦਾ ਜੇਲ੍ਹ ਵਿੱਚ ਬੰਦ ਰਿਹਾ। ਮਾਮਲੇ ਵਿੱਚ ਦੋਸ਼ੀ ਪਾਏ ਜਾਣ 'ਤੇ ਉਸ ਨੂੰ 26 ਨਵੰਬਰ, 2012 ਨੂੰ ਫਾਂਸੀ ਦੇ ਦਿੱਤੀ ਗਈ। ਭਾਰਤ ਵਿੱਚ ਇਹ ਪਹਿਲਾ ਵਿਦੇਸ਼ੀ ਸੀ, ਜਿਸ ਨੂੰ ਫਾਂਸੀ 'ਤੇ ਚੜ੍ਹਾਇਆ ਗਿਆ। ਇਸ ਹਮਲੇ ਵਿੱਚ 166 ਲੋਕਾਂ ਦੀ ਮੌਤ ਹੋ ਗਈ ਸੀ ਤੇ 600 ਤੋਂ ਵੱਧ ਜ਼ਖ਼ਮੀ ਹੋਏ ਸਨ।