ਨਵੀਂ ਦਿੱਲੀਃ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਬਣਾਏ ਗਏ ਟਰੱਸਟ ਨੂੰ ਦਾਨ ਦੇਣ ਵਾਲੇ ਵੀ ਆਮਦਨ ਕਰ ਤੋਂ ਛੋਟ ਪ੍ਰਾਪਤ ਕਰ ਸਕਦੇ ਹਨ। ਇਸੇ ਸਾਲ ਪੰਜ ਫਰਵਰੀ ਨੂੰ ਗਠਿਤ ਕੀਤੇ ਗਏ ‘ਰਾਮ ਜਨਮਭੂਮੀ ਤੀਰਥ ਸ਼ੇਤਰ’ ਟਰੱਸਟ ਨੂੰ ਵਿੱਤੀ ਵਰ੍ਹੇ 2020-21 ਲਈ ਸੈਕਸ਼ਨ 80G ਹੇਠ ਕਰ ਛੋਟ ਦੇ ਦਿੱਤੀ ਗਈ ਹੈ।


ਸ਼ੁੱਕਰਵਾਰ ਨੂੰ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ ਨੇ ਟਰੱਸਟ ਉਕਤ ਛੋਟ ਸਬੰਧੀ ਨੋਟੀਫਿਕੇਸ਼ ਵੀ ਜਾਰੀ ਕਰ ਦਿੱਤਾ ਸੀ। ਹੁਣ ਟਰੱਸਟ ਨੂੰ ਦਾਨ ਦੇਣ ਵਾਲੇ ਆਪਣੇ ਦਾਨ ਦੀ 50% ਦੇ ਬਰਾਬਰ ਰਾਸ਼ੀ ਨੂੰ ਆਪਣੇ ਆਮਦਨ ਕਰ ਵਿੱਚੋਂ ਛੋਟ ਦੇ ਤੌਰ ‘ਤੇ ਹਾਸਲ ਕਰ ਸਕਣਗੇ। ਟਰੱਸਟ ਦੀ ਆਮਦਨ ਪਹਿਲਾਂ ਤੋਂ ਹੀ ਕਰ ਮੁਕਤ ਹੈ।


ਇਸ ਤੋਂ ਪਹਿਲਾਂ ਕੇਂਦਰ ਸਰਕਾਰ ਸਾਲ 2017 ਵਿੱਚ ਚੇਨੰਈ ਤੇ ਮਹਾਰਾਸ਼ਟਰ ਦੇ ਕਈ ਮੰਦਰਾਂ ਦੇ ਦਾਨ ਨੂੰ ਵੀ ਕਰ ਮੁਕਤ ਕਰ ਚੁੱਕੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਚੜ੍ਹਾਇਆ ਜਾਂਦਾ ਦਾਨ ਵੀ ਸੈਕਸ਼ਨ 80G ਹੇਠ ਕਰ ਮੁਕਤ ਐਲਾਨਿਆ ਗਿਆ ਹੈ। ਆਮਦਨ ਕਰ ਐਕਟ ਦੀ ਧਾਰਾ 80G ਤਹਿਤ ਸੂਚੀਬੱਧ ਰਾਹਤ ਫੰਡ ਜਾਂ ਚੈਰੀਟੇਬਲ ਸੰਸਥਾ ਨੂੰ ਮਿਲਣ ਵਾਲਾ ਦਾਨ ਕੁੱਲ ਟੈਕਸ ਤੋਂ ਘੱਟ ਆਮਦਨ ‘ਤੇ ਹੀ ਛੋਟ ਹਾਸਲ ਕਰਨ ਦੇ ਯੋਗ ਬਣਾਉਂਦਾ ਹੈ।