ਪਾਣੀਪਤ : ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਅੰਸਲ ਸਥਿਤ ਕਿਡਜ਼ੀ (KIDZEE) ਸਕੂਲ ਵਿੱਚ ਕਰੰਟ ਲੱਗਣ ਕਾਰਨ ਡਰਾਈਵਰ ਦੀ ਮੌਤ ਹੋ ਗਈ ਜਦੋਂਕਿ ਸੁਰੱਖਿਆ ਗਾਰਡ ਝੁਲਸ ਗਿਆ। ਜਿਸ ਸਮੇਂ ਇਹ ਹਾਦਸਾ ਵਾਪਰਿਆ ,ਉਸ ਸਮੇਂ ਡਰਾਈਵਰ ਪ੍ਰਿੰਸ ਅਤੇ ਸੁਰੱਖਿਆ ਗਾਰਡ ਪ੍ਰਕਾਸ਼ ਤਿਰੰਗੇ ਝੰਡੇ ਵਾਲੀ ਪਾਈਪ ਲਗਾ ਰਹੇ ਸਨ। 


 

ਫਲੈਗ ਪਾਈਪ ਲਗਾਉਂਦੇ ਸਮੇਂ ਪਾਈਪ 11 ਹਜ਼ਾਰ ਹਾਈ ਵੋਲਟੇਜ ਵਾਲੀ ਤਾਰ ਨਾਲ ਟਕਰਾ ਗਈ। ਜਿਸ ਕਾਰਨ ਡਰਾਈਵਰ ਪ੍ਰਿੰਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਝੁਲਸ ਗਏ ਸੁਰੱਖਿਆ ਗਾਰਡ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕ ਡਰਾਈਵਰ ਪ੍ਰਿੰਸ ਪਿਛਲੇ 6 ਮਹੀਨਿਆਂ ਤੋਂ ਸਕੂਲ ਵਿੱਚ ਡਰਾਈਵਰ ਸੀ।

ਓਥੇ ਹੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਅਨੁਸਾਰ ਸਕੂਲ ਸੰਚਾਲਕ ਨੇ ਪ੍ਰਿੰਸ ਨੂੰ ਸਕੂਲ ਦੇ ਵਿਹੜੇ ਵਿੱਚ ਤਿਰੰਗਾ ਝੰਡਾ ਲਗਾਉਣ ਲਈ ਕਿਹਾ ਸੀ। ਇਸ 'ਤੇ ਪ੍ਰਿੰਸ ਨੇ ਆਪਣੇ ਸਾਥੀ ਨਾਲ ਮਿਲ ਕੇ ਤਿਰੰਗੇ ਨੂੰ ਲੋਹੇ ਦੀ ਪਾਈਪ 'ਚ ਪਾਇਆ। ਜਿਵੇਂ ਹੀ ਉਸ ਨੇ ਪਾਈਪ ਖੜ੍ਹੀ ਕੀਤੀ ਤਾਂ ਉਪਰੋਂ ਲੰਘਦੀ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਿਆ। ਪਾਈਪ ਵਿੱਚ ਕਰੰਟ ਆਉਣ ਕਾਰਨ ਪ੍ਰਿੰਸ ਅਤੇ ਉਸ ਦਾ ਸਾਥੀ ਪ੍ਰਕਾਸ਼ ਬੁਰੀ ਤਰ੍ਹਾਂ ਝੁਲਸ ਗਏ। ਇਸ ਹਾਦਸੇ ਤੋਂ ਬਾਅਦ ਸਕੂਲ 'ਚ ਹੜਕੰਪ ਮੱਚ ਗਿਆ। ਸਕੂਲ ਸਟਾਫ਼ ਨੇ ਮਿਲ ਕੇ ਦੋਵੇਂ ਝੁਲਸੇ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਪ੍ਰਿੰਸ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦੂਜੇ ਜ਼ਖ਼ਮੀ ਦਾ ਇਲਾਜ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।

ਦੱਸ ਦੇਈਏ ਕਿ ਪ੍ਰਿੰਸ ਪਿਛਲੇ 6 ਮਹੀਨਿਆਂ ਤੋਂ ਸਕੂਲ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ। ਮ੍ਰਿਤਕ ਦੀ ਮੌਤ ਤੋਂ ਬਾਅਦ ਮ੍ਰਿਤਕ ਦੇ ਬੱਚੇ ਅਨਾਥ ਹੋ ਗਏ ਹਨ। ਮ੍ਰਿਤਕ ਦੀ ਪਤਨੀ ਪ੍ਰੀਤੀ ਦੀ ਅੱਠ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਪ੍ਰੀਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਉਦੋਂ ਪ੍ਰੀਤੀ ਦੇ ਮਾਤਾ-ਪਿਤਾ ਨੇ ਪ੍ਰਿੰਸ 'ਤੇ ਦੋਸ਼ ਲਗਾਇਆ ਸੀ ਕਿ ਬੇਟੀ ਨੇ ਉਸ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ। ਇਹ ਮਾਮਲਾ ਵਿਚਾਰ ਅਧੀਨ ਹੈ। ਇਸ ਦੇ ਨਾਲ ਹੀ ਪ੍ਰਿੰਸ ਦੇ ਦੋ ਬੱਚੇ ਹਨ, ਜਿਨ੍ਹਾਂ ਦੇ ਸਿਰ ਤੋਂ ਅੱਠ ਮਹੀਨੇ ਪਹਿਲਾਂ ਮਾਂ ਅਤੇ ਹੁਣ ਪਿਤਾ ਦਾ ਛਾਇਆ ਉੱਠ ਗਿਆ ਹੈ।

ਇਸੇ ਹਾਦਸੇ 'ਚ ਝੁਲਸ ਗਏ ਸੁਰੱਖਿਆ ਗਾਰਡ ਪ੍ਰਕਾਸ਼ ਨੇ ਦੱਸਿਆ ਕਿ ਉਹ ਡਰਾਈਵਰ ਦੇ ਨਾਲ ਤਿਰੰਗੇ ਝੰਡੇ ਵਾਲੀ ਪਾਈਪ ਲਗਾ ਰਿਹਾ ਸੀ ਅਤੇ ਜਿਵੇਂ ਹੀ ਉਹ ਪਾਈਪ ਲਗਾਉਣ ਲੱਗੇ ਤਾਂ ਇਸ ਦੌਰਾਨ ਸਕੂਲ ਦੇ ਉਪਰੋਂ ਗੁਜਰ ਰਹੀ 11000 ਹਾਈ ਵੋਲਟੇਜ ਤਾਰ ਨਾਲ ਟਕਰਾ ਗਈ। ਜਿਸ ਵਿੱਚ ਉਹ ਦੋਵੇਂ ਝੁਲਸ ਗਏ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਪਾਣੀਪਤ ਦੇ ਜਨਰਲ ਹਸਪਤਾਲ 'ਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।