ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਹੋਰ ਅਹੁਦੇਦਾਰ ਅੱਜ ਅਸਤੀਫ਼ੇ ਦੇ ਸਕਦੇ ਹਨ। ਉਨ੍ਹਾਂ ਦਾ ਇਹ ਅਸਤੀਫ਼ਾ ਜਨਰਲ ਸਕੱਤਰ ਵੱਲੋਂ ਸੱਦੀ ਗਈ ਬੈਠਕ ਦੌਰਾਨ ਸਾਹਮਣੇ ਆ ਸਕਦਾ ਹੈ।

ਸੂਤਰਾਂ ਮੁਤਾਬਕ ਇਹ ਸਭ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਹਿਣ 'ਤੇ ਕੀਤਾ ਜਾ ਰਿਹਾ ਹੈ। ਦਰਅਸਲ, ਦਿੱਲੀ ਦੇ ਹੋਰਨਾਂ ਸਿੱਖ ਲੀਡਰਾਂ ਵੱਲੋਂ ਲਾਏ ਗਏ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤੋਂ ਬਾਅਦ ਅਜਿਹਾ ਕੀਤਾ ਜਾ ਰਿਹਾ ਹੈ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਅੱਜ ਬਾਅਦ ਦੁਪਹਿਰ ਬੈਠਕ ਸੱਦੀ ਗਈ ਹੈ, ਜਿਸ ਵਿੱਚ ਇਹ ਐਲਾਨ ਕੀਤਾ ਜਾ ਸਕਦਾ ਹੈ।

ਉੱਚ ਸੂਤਰਾਂ ਦਾ ਕਹਿਣਾ ਹੈ ਕਿ ਮੀਟਿੰਗ ਵਿੱਚ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਸਮੇਤ ਸਾਰੇ 15 ਕਾਰਜਾਰਣੀ ਦੇ ਮੈਂਬਰ ਆਪੋ ਆਪਣੇ ਅਹੁਦੇ ਤਿਆਗ ਸਕਦੇ ਹਨ ਤਾਂ ਜੋ ਨਵੇਂ ਸਿਰੇ ਤੋਂ ਚੋਣ ਹੋ ਸਕੇ। ਇਹ ਬੈਠਕ ਵਿਰੋਧੀ ਧਿਰ ਵਜੋਂ ਜਾਣੇ ਜਾਂਦੇ ਸਿੱਖ ਲੀਡਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਅਦਾਲਤ ਵਿੱਚ ਜੀਕੇ ਵਿਰੁੱਧ ਕੇਸ ਦਰਜ ਕਰਨ ਸਬੰਧੀ ਪਟੀਸ਼ਨ ਤੋਂ ਸਿਰਫ਼ ਇੱਕ ਦਿਨ ਪਹਿਲਾਂ ਸੱਦੀ ਗਈ ਹੈ।

ਸੂਤਰਾਂ ਮੁਤਾਬਕ ਜੇਕਰ ਇਸ ਸਮੇਂ ਕਮੇਟੀ ਭੰਗ ਕਰ ਦਿੱਤੀ ਜਾਂਦੀ ਹੈ ਅਤੇ ਅਦਾਲਤ ਹੁਕਮ ਕਰਦੀ ਹੈ ਤਾਂ ਕੇਸ ਡੀਐਸਜੀਐਮਸੀ ਦੀ ਬਜਾਇ ਸਿਰਫ਼ ਜੀਕੇ ਦੇ ਨਾਂਅ 'ਤੇ ਹੋਵੇਗਾ ਅਤੇ ਇਹੋ ਅਸਤੀਫ਼ਿਆਂ ਦੀ ਮੁੱਖ ਵਜ੍ਹਾ ਹੋ ਸਕਦੀ ਹੈ। ਸਿਰਸਾ ਨੇ ਵੀ ਇਸ ਬਾਬਤ ਸੰਕੇਤ ਦਿੰਦਿਆਂ ਕਿਹਾ ਸੀ ਕਿ ਸਿੱਖਾਂ ਦੀ ਸੰਸਥਾ ਦੇ ਭਲੇ ਲਈ ਕੁਝ ਕਦਮ ਚੁੱਕੇ ਜਾ ਰਹੇ ਹਨ। ਹਾਲਾਂਕਿ ਉਨ੍ਹਾਂ ਮੀਟਿੰਗ ਅਤੇ ਮੁੱਦੇ ਬਾਰੇ ਕੁਝ ਨਾ ਕਿਹਾ।