ਪੰਜਾਬ 'ਚ ਵੱਡੀ ਹਾਰ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ, ਦਿੱਲੀ ਗੁਰਦੁਆਰਾ ਕਮੇਟੀ ਦੀ ਕਮਾਨ ਖੁੱਸੀ

ਚੰਡੀਗੜ੍ਹ: ਪੰਜਾਬ ਵਿੱਚ ਵੱਡੀ ਹਾਰ ਮਗਰੋਂ ਸ਼੍ਰੋਮਣੀ ਅਕਾਲੀ ਦਲ (ਬ) ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਬਾਦਲ ਧੜੇ ਦੇ ਹੱਥੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਨ ਖੁੱਸ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਆਪਣੀ ਵੱਖਰੀ ਇਕਾਈ ‘ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ’ ਦਾ ਗਠਨ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਅਹੁਦੇਦਾਰ ਬਣਾਉਣੇ ਪੈਣਗੇ ਕਿਉਂਕਿ ਬਹੁਤੇ ਅਹੁਦੇਦਾਰ ਤੇ ਕਾਰਕੁਨ ਨਵੇਂ ਬਣੀ ਇਕਾਈ ’ਚ ਚਲੇ ਗਏ ਹਨ। ਬਾਦਲ ਧੜੇ ਦਾ ਰਕਾਬਗੰਜ ਸਥਿਤ ਦਫ਼ਤਰ ਵੀ ਹੁਣ ਇਸ ਨਵੇਂ ਦਲ ਦੇ ਕਬਜ਼ੇ ਹੇਠ ਆ ਗਿਆ ਹੈ।

ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਪਾਰਟੀ ਦੇ ਮੁੱਖ ਸਰਪ੍ਰਸਤ ਚੁਣੇ ਗਏ ਹਨ। ਐਮਪੀਐਸ ਚੱਢਾ ਪਾਰਟੀ ਦੇ ਪ੍ਰਧਾਨ ਚੁਣੇ ਗਏ ਹਨ ਜਦਕਿ ਸੀਨੀਅਰ ਆਗੂ ਭਜਨ ਸਿੰਘ ਵਾਲੀਆ ਤੇ ਹਰਵਿੰਦਰ ਸਿੰਘ ਕੇਪੀ ਨੂੰ ਪਾਰਟੀ ਦਾ ਸਰਪ੍ਰਸਤ ਚੁਣਿਆ ਗਿਆ ਹੈ। ਪਾਰਟੀ ਦੀ ਕੋਰ ਕਮੇਟੀ ਸਮੇਤ ਜਥੇਬੰਦਕ ਢਾਂਚੇ ਨੂੰ ਮੁਕੰਮਲ ਕਰਨ ਵਾਸਤੇ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ 10 ਦਿਨਾਂ ਅੰਦਰ ਆਪਣੀ ਰਿਪੋਰਟ ਦੇਵੇਗੀ।

ਉਧਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਵੱਖਰੀ ਪਾਰਟੀ ਬਣਾ ਲੈਣ ਮਗਰੋਂ ਸੁਖਬੀਰ ਬਾਦਲ ਨੇ ਦਿੱਲੀ ਦੇ ਸੀਨੀਅਰ ਆਗੂ ਅਵਤਾਰ ਸਿੰਘ ਹਿੱਤ ਨੂੰ ਦਿੱਲੀ ਪ੍ਰਦੇਸ਼ ਸ਼੍ਰੋਮਣੀ ਅਕਾਲੀ ਦਲ ਦੀ ਇਕਾਈ ਦਾ ਪ੍ਰਧਾਨ ਬਣਾਇਆ ਹੈ। ਹਿੱਤ ਬਾਦਲ ਪਰਿਵਾਰ ਦੇ ਕਰੀਬੀ ਹਨ ਤੇ ਉਨ੍ਹਾਂ ਦਾ ਰਾਮਗੜ੍ਹੀਆ ਭਾਈਚਾਰੇ ’ਚ ਖਾਸਾ ਆਧਾਰ ਹੈ। 2013 ’ਚ ਹਿੱਤ ਤੋਂ ਮਨਜੀਤ ਸਿੰਘ ਜੀਕੇ ਨੇ ਪ੍ਰਧਾਨਗੀ ਲੈ ਲਈ ਸੀ। 

Continues below advertisement


ਇਹ ਵੀ ਪੜ੍ਹੋ : ਪੰਜਾਬ ਦੇ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ, ਜਲਦ ਹੀ ਵਿਆਪਕ ਯੋਜਨਾ ਲਿਆਵੇਗੀ ‘ਆਪ’ ਸਰਕਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490