ਚੰਡੀਗੜ੍ਹ: ਪੰਜਾਬ ਵਿੱਚ (Assembly Election 2022) ਇੱਕ ਪਾਸੇ ਚੋਣਾਂ ਦਾ ਮਾਹੌਲ ਭਖਦਾ ਜਾ ਰਿਹਾ ਹੈ ਤੇ ਦੂਜੇ ਪਾਸੇ ਕੋਰੋਨਾਵਾਇਰਸ (Coronavirus) ਦਾ ਗ੍ਰਾਫ ਵੀ ਲਗਾਤਾਰ ਉੱਪਰ ਜਾ ਰਿਹਾ ਹੈ। ਇਸ ਕਰਕੇ ਚੋਣ ਕਮਿਸ਼ਨ ਵੱਲੋਂ ਵੱਡੀਆਂ ਰੈਲੀਆਂ ’ਤੇ ਲਾਈਆਂ ਪਾਬੰਦੀ (ban on large rallies) ਦੀ ਮਿਆਦ ਵਧਾਈ ਜਾ ਸਕਦੀ ਹੈ। ਚੋਣ ਕਮਿਸ਼ਨ (Election Commission) ਵੱਲੋਂ ਪਹਿਲਾਂ ਇਹ ਪਾਬੰਦੀਆਂ 15 ਜਨਵਰੀ ਤੱਕ ਲਾਈਆਂ ਗਈਆਂ ਸਨ। ਹਾਲਾਤ ਠੀਕ ਨਾ ਹੋਣ ਕਰਕੇ ਇਨ੍ਹਾਂ ਨੂੰ 22 ਜਨਵਰੀ ਤੱਕ ਵਧਾ ਦਿੱਤਾ ਗਿਆ ਸੀ। ਚੋਣ ਕਮਿਸ਼ਨ ਹੁਣ 22 ਜਨਵਰੀ ਨੂੰ ਪਾਬੰਦੀਆਂ ਦੀ ਸਮੀਖਿਆ ਕਰੇਗਾ।


ਦੂਜੇ ਪਾਸੇ ਪੰਜਾਬ ਵਿੱਚ ਕੋਰੋਨਾ ਲਗਾਤਾਰ ਬੇਕਾਬੂ ਹੁੰਦਾ ਜਾ ਰਿਹਾ ਹੈ। ਵੀਰਵਾਰ ਨੂੰ ਸੂਬੇ 'ਚ ਕੋਰੋਨਾਵਾਇਰਸ ਕਰਕੇ 31 ਲੋਕਾਂ ਦੀ ਮੌਤ ਹੋ ਗਈ। ਸੂਬੇ 'ਚ ਪਿਛਲੇ ਇੱਕ ਹਫ਼ਤੇ ਵਿੱਚ 160 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਪੰਜਾਬ ਵਿੱਚ 1,224 ਮਰੀਜ਼ ਆਕਸੀਜਨ ਤੋਂ ਲੈ ਕੇ ਵੈਂਟੀਲੇਟਰ ਦੇ ਲਾਈਫ ਸੇਵਿੰਗ ਸਪੋਰਟ 'ਤੇ ਹਨ। ਇਸ ਤੋਂ ਇਲਾਵਾ ਇੱਕ ਦਿਨ 'ਚ 8 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਪੰਜਾਬ 'ਚ ਕੋਰੋਨਾ ਦਾ ਖ਼ਤਰਾ ਹੋਰ ਗਹਿਰਾਉਂਦਾ ਜਾ ਰਿਹਾ ਹੈ।


ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸੂਬੇ ਵਿੱਚ ਕਰੋਨਾ ਦੀ ਤੀਜੀ ਲਹਿਰ ਦਾ ਸਿਖਰ ਕੁਝ ਦਿਨਾਂ ਤੱਕ ਆ ਸਕਦਾ ਹੈ ਤੇ ਜਨਵਰੀ ਦੇ ਅੰਤ ਜਾਂ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਮੋੜਾ ਪੈਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਵੱਲੋਂ ਸਮੀਖਿਆ ਕਰਨ ਲਈ ਕੇਂਦਰ ਤੇ ਸੂਬਾ ਸਰਕਾਰ ਦੇ ਸਿਹਤ ਅਧਿਕਾਰੀਆਂ ਤੋਂ ਲਗਾਤਾਰ ਰਿਪੋਰਟਾਂ ਲਈਆਂ ਜਾ ਰਹੀਆਂ ਹਨ।


ਇਸ ਲਈ ਤਾਜ਼ਾ ਹਾਲਾਤ ਨੂੰ ਵੇਖਦਿਆਂ ਮੰਨਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਵੱਲੋਂ ਵੱਡੀਆਂ ਰੈਲੀਆਂ ’ਤੇ ਲਾਈਆਂ ਪਾਬੰਦੀ ਦੀ ਮਿਆਦ ਵਧਾਈ ਜਾ ਸਕਦੀ ਹੈ। ਉਧਰ, ਸੂਬੇ ਦੀਆਂ ਸਿਆਸੀ ਧਿਰਾਂ ਚੋਣ ਪ੍ਰਚਾਰ ਲਈ ਵੱਡੀਆਂ ਰੈਲੀਆਂ ਦੀ ਛੋਟ ਦਾ ਇੰਤਜ਼ਾਰ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਹੀ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਜਾ ਚੁੱਕਿਆ ਹੈ ਕਿ ਰੈਲੀਆਂ ਦੀ ਇਜਾਜ਼ਤ ਦਿੱਤੀ ਜਾਵੇ।


ਦੱਸ ਦਈਏ ਕਿ ਚੋਣ ਕਮਿਸ਼ਨ ਨੇ 8 ਜਨਵਰੀ ਨੂੰ ਚੋਣਾਂ ਦਾ ਐਲਾਨ ਕਰਦਿਆਂ ਹੀ ਹਫ਼ਤੇ ਭਰ ਲਈ ਵੱਡੀਆਂ ਰੈਲੀਆਂ, ਮਾਰਚਾਂ ਤੇ ਮੀਟਿੰਗਾਂ ’ਤੇ ਪਾਬੰਦੀ ਲਗਾ ਦਿੱਤੀ ਸੀ ਜਿਸ ਨੇ ਸਿਆਸੀ ਪਾਰਟੀਆਂ ਨੂੰ ਪ੍ਰਚਾਰ ਦੇ ਰੰਗ-ਢੰਗ ਬਦਲਣ ਲਈ ਮਜਬੂਰ ਕਰ ਦਿੱਤਾ ਹੈ। ਕਮਿਸ਼ਨ ਵੱਲੋਂ ਇਹ ਪਾਬੰਦੀਆਂ 15 ਜਨਵਰੀ ਤੱਕ ਲਾਈਆਂ ਗਈਆਂ ਸਨ ਜਿਨ੍ਹਾਂ ਨੂੰ 22 ਜਨਵਰੀ ਤੱਕ ਵਧਾ ਦਿੱਤਾ ਗਿਆ ਸੀ। ਕਮਿਸ਼ਨ ਹੁਣ 22 ਜਨਵਰੀ ਨੂੰ ਪਾਬੰਦੀਆਂ ਦੀ ਸਮੀਖਿਆ ਕਰੇਗਾ।


ਚੋਣ ਕਮਿਸ਼ਨ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਵਿੱਚ ਜਿਸ ਤਰ੍ਹਾਂ ਕਰੋਨਾ ਦੀ ਲਾਗ ਦੇ ਮਾਮਲੇ ਰੋਜ਼ਾਨਾ ਵਧ ਰਹੇ ਹਨ, ਉਸ ਨੂੰ ਦੇਖਦਿਆਂ ਹਾਲ ਦੀ ਘੜੀ ਇਹੀ ਮੰਨਿਆ ਜਾ ਰਿਹਾ ਹੈ ਕਿ ਪਾਬੰਦੀਆਂ ਦੀ ਮਿਆਦ ਕੁਝ ਹੋਰ ਦਿਨਾਂ ਲਈ ਵਧ ਵੀ ਸਕਦੀ ਹੈ।



ਇਹ ਵੀ ਪੜ੍ਹੋ: Coronavirus Cases Today: ਕੋਰੋਨਾ ਦੀ ਬੇਕਾਬੂ ਰਫ਼ਤਾਰ, ਦੇਸ਼ 'ਚ ਪਿਛਲੇ 24 ਘੰਟਿਆਂ 'ਚ 3 ਲੱਖ 47 ਹਜ਼ਾਰ ਕੇਸ, 703 ਦੀ ਮੌਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904