ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਵਿੱਚ ਹਵਾ ਦੀ ਰਫ਼ਤਾਰ ਘਟਣ ਦੇ ਨਾਲ-ਨਾਲ ਸ਼ਨੀਵਾਰ ਨੂੰ ਹਵਾ ਦੀ ਗੁਣਵੱਤਾ ਵਿੱਚ ਵੀ ਗਿਰਾਵਟ ਵੇਖੀ ਗਈ। ਅਧਿਕਾਰੀਆਂ ਨੇ ਦਿੱਲੀ ਵਿੱਚ ਏਅਰ ਇੰਡੈਕਸ ਕੁਆਲਟੀ (ਏਕਿਊਆਈ, ਹਵਾ ਦੀ ਗੁਣਵੱਤਾ ਦਾ ਸੂਚਕ ਅੰਕ) ਵਿੱਚ ਗਿਰਾਵਟ ਦਾ ਅਨੁਮਾਨ ਲਾਇਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਹਵਾ ਦੀ ਗੁਣਵੱਤਾ ਵਿੱਚ ਹੋਰ ਕਮੀ ਆਉਣ ਦਾ ਖ਼ਦਸ਼ਾ ਜਤਾਇਆ ਹੈ। ਨਾਸਾ ਨੇ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਕਿਹਾ ਹੈ ਕਿ ਬੀਤੇ 10 ਦਿਨਾਂ ਵਿੱਚ ਅੰਮ੍ਰਿਤਸਰ, ਅੰਬਾਲਾ, ਕਰਨਾਲ, ਸਿਰਸਾ ਤੇ ਹਿਸਾਰ ਦੇ ਆਸਪਾਸ ਪਰਾਲੀ ਸਾੜਨ ਦੀਆਂ ਘਟਨਾਵਾਂ ਕਾਫੀ ਵਧ ਗਈਆਂ ਹਨ ਜਿਸ ਨਾਲ ਹਵਾ ’ਤੇ ਅਸਰ ਪੈ ਰਿਹਾ ਹੈ।
ਸਿਸਟਮ ਆਫ ਏਅਰ ਕੁਆਲਟੀ ਐਂਡ ਵੈਦਰ ਫੋਰਕਾਸਟਿੰਗ ਤੇ ਰਿਸਰਚ (ਐਸਏਐਫਏਆਰ) ਮੁਤਾਬਕ ਸ਼ਨੀਵਾਰ ਸ਼ਾਮ 4 ਵਜੇ ਸੂਚਕ ਅੰਕ 300 ਸੀ ਜੋ ਕਾਫੀ ਖਰਾਬ ਸ਼੍ਰੇਣੀ ਵਿੱਚ ਆਉਂਦਾ ਹੈ। ਸ਼ੁੱਕਰਵਾਰ ਨੂੰ ਇਹ ਅੰਕ 154 ਸੀ। ਜ਼ਿਕਰਯੋਗ ਹੈ ਕਿ ਹਵਾ ਦੀ ਗੁਣਵੱਤਾ ਉਦੋਂ ਚੰਗੀ ਮੰਨੀ ਜਾਂਦੀ ਹੈ ਜਦੋਂ ਇਸ ਦਾ ਏਕਿਊਆਈ 0 ਤੋਂ 50 ਦੇ ਵਿਚਕਾਰ ਹੁੰਦਾ ਹੈ। ਏਕਿਊਆਈ ਦੇ 51-100 ਵਿਚਾਲੇ ਰਹਿਣ ’ਤੇ ਹਵਾ ਦੀ ਕਵਾਲਟੀ ਤਸੱਲੀਬਖਸ਼ ਮੰਨੀ ਜਾਂਦੀ ਹੈ। 101-200 ਵਿਚਾਲੇ ਮੱਧਮ, 201-300 ਵਿਚਾਲੇ ਖਰਾਬ, 301-400 ਵਿਚਾਲੇ ਬੇਹੱਦ ਖਰਾਬ ਤੇ 401-500 ਵਿਚਾਲੇ ਹਵਾ ਦੀ ਗੁਣਵੱਤਾ ਨੂੰ ਗੰਭੀਰ ਮੰਨਿਆ ਜਾਂਦਾ ਹੈ।
ਦਿੱਲੀ NCR ਵਿੱਚ ਵੀ ਹਵਾ ਪਲੀਤ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਮੁਤਾਬਕ ਦਿੱਲੇ ਨੇੜੇ ਗਾਜ਼ਿਆਬਾਦ, ਖਫੀਦਾਬਾਦ, ਗੁਰੂਗਰਾਮ ਤੇ ਨੌਇਡਾ ਵਿੱਚ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ ਬੇਹੱਦ ਖਰਾਬ ਰਿਕਾਰਡ ਕੀਤਾ ਗਿਆ ਹੈ। ਅੰਕੜੇ ਦੱਸਦੇ ਹਨ ਕਿ ਦਿੱਲੀ ਵਿੱਚ PM 10 ਦਾ ਪੱਧਰ 243 ਤੇ PM 2.5 ਦਾ ਪੱਧਰ 122 ਰਿਰਾਰਡ ਕੀਤਾ ਗਿਆ ਹੈ। ਐਤਵਾਰ ਨੂੰ ਹਵਾ ਦੀ ਕੁਆਲਟੀ ਬੇਹੱਦ ਖਰਾਬ ਹੋਣ ਦਾ ਖਦਸ਼ਾ ਹੈ।