ਨਵੀਂ ਦਿੱਲੀ: ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਜਹਾਂਗੀਰਪੁਰੀ ਵਿੱਚ ਜਲੂਸ ਦੌਰਾਨ ਹੰਗਾਮਾ ਹੋਇਆ ਹੈ। ਜਲੂਸ 'ਚ ਪੈਦਲ ਜਾ ਰਹੇ ਲੋਕਾਂ 'ਤੇ ਪਥਰਾਅ ਅਤੇ ਅੱਗਜ਼ਨੀ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਸਾਰੇ ਉੱਚ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਸਥਿਤੀ ਕਾਬੂ ਹੇਠ ਹੈ। ਪੁਲਿਸ ਨੇ ਕਿਹਾ ਹੈ ਕਿ ਵਾਧੂ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। 


ਇਸ ਹੰਗਾਮੇ ਦੌਰਾਨ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ, ਘਟਨਾ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ।ਦੂਜੇ ਪਾਸੇ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਕਿਹਾ ਹੈ ਕਿ ਦਿੱਲੀ ਦੇ ਜਹਾਂਗੀਰਪੁਰੀ 'ਚ ਹਨੂੰਮਾਨ ਜਯੰਤੀ 'ਤੇ ਪਥਰਾਅ ਅੱਤਵਾਦੀ ਕਾਰਵਾਈ ਹੈ। ਬੰਗਲਾਦੇਸ਼ੀ ਘੁਸਪੈਠੀਆਂ ਦੀ ਬਸਤੀ ਹੁਣ ਭਾਰਤ ਦੇ ਨਾਗਰਿਕਾਂ 'ਤੇ ਹਮਲੇ ਕਰਨ ਦੀ ਹਿੰਮਤ ਕਰਨ ਲੱਗ ਪਈ ਹੈ, ਉਨ੍ਹਾਂ ਦੇ ਹਰ ਕਾਗਜ਼ ਦੀ ਜਾਂਚ ਕਰਕੇ ਗੈਰ-ਕਾਨੂੰਨੀ ਘੁਸਪੈਠੀਆਂ ਨੂੰ ਦੇਸ਼ 'ਚੋਂ ਕੱਢਣਾ ਜ਼ਰੂਰੀ ਹੋ ਗਿਆ ਹੈ।






ਝੜਪਾਂ ਦੇ ਦ੍ਰਿਸ਼ਾਂ ਸਾਹਮਣੇ ਆਏ ਹਨ। ਸੜਕ ਦੇ ਵੱਖ-ਵੱਖ ਪਾਸਿਆਂ ਤੋਂ ਲੋਕਾਂ ਦੇ ਵੱਡੇ ਗਰੁਪ ਇੱਕ ਦੂਜੇ 'ਤੇ ਪਥਰਾਅ ਕਰਦੇ ਹੋਏ ਨਜ਼ਰ ਆ ਰਹੇ ਹਨ।ਪੁਲਿਸ ਦੇ ਦਖਲ ਦੇਣ ਦੀ ਕੋਸ਼ਿਸ਼ ਮਗਰੋਂ ਲੋਕ ਤੇਜ਼ੀ ਨਾਲ ਪਿੱਛੇ ਹਟਦੇ ਦਿਖਾਈ ਦਿੱਤੇ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਜਹਾਂਗੀਰਪੁਰੀ ਦੇ ਬਾਬੂ ਜਗਜੀਵਨ ਰਾਮ ਮੈਮੋਰੀਅਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।


ਦਿੱਲੀ ਪੁਲਿਸ ਦੇ ਲੋਕ ਸੰਪਰਕ ਅਧਿਕਾਰੀ ਡੀਸੀਪੀ ਅਨੇਸ਼ ਰਾਏ ਨੇ ਕਿਹਾ ਕਿ ਸ਼ੋਭਾ ਯਾਤਰਾ ਦੌਰਾਨ ਹੰਗਾਮਾ ਹੋਇਆ ਸੀ ਅਤੇ ਜਲੂਸ ਦੇ ਭਾਗੀਦਾਰਾਂ 'ਤੇ ਪਥਰਾਅ ਕਰਨ ਦੀਆਂ ਖਬਰਾਂ ਹਨ, ਨਾਲ ਹੀ ਅੱਗਜ਼ਨੀ ਦੀਆਂ ਕੁਝ ਘਟਨਾਵਾਂ ਵੀ ਸਾਹਮਣੇ ਆਈਆਂ ਹਨ।


ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਵਿੱਚ ਹਨੂੰਮਾਨ ਜਯੰਤੀ ਦੇ ਜਲੂਸ ਦੌਰਾਨ ਹੰਗਾਮੇ ਦੀ ਘਟਨਾ ਨੂੰ ਲੈ ਕੇ ਯੂਪੀ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਧਾਰਮਿਕ ਤੌਰ 'ਤੇ ਸੰਵੇਦਨਸ਼ੀਲ ਥਾਵਾਂ ਅਤੇ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਗਸ਼ਤ ਵਧਾ ਦਿੱਤੀ ਗਈ ਹੈ। ਸਾਰੇ ਜ਼ਿਲ੍ਹਿਆਂ ਦੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵਾਧੂ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਕੱਲ੍ਹ ਅਯੁੱਧਿਆ ਵਿੱਚ 84 ਕੋਸੀ ਯਾਤਰਾ ਸ਼ੁਰੂ ਹੋਣੀ ਹੈ। ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਯਾਤਰਾ ਸਬੰਧੀ ਵਿਸ਼ੇਸ਼ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ।