IndiGo Dubai-Mumbai Flight : ਜਹਾਜ਼ 'ਚ ਨਸ਼ੇ 'ਚ ਧੁੱਤ ਯਾਤਰੀਆਂ ਵੱਲੋਂ ਦੁਰਵਿਵਹਾਰ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਬੁੱਧਵਾਰ (22 ਮਾਰਚ) ਨੂੰ ਮੁੰਬਈ 'ਚ ਵਾਪਰਿਆ। ਜਿੱਥੇ ਦੁਬਈ ਤੋਂ ਮੁੰਬਈ ਆ ਰਹੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ 'ਚ 2 ਸ਼ਰਾਬੀ ਯਾਤਰੀਆਂ ਨੇ ਕਥਿਤ ਤੌਰ 'ਤੇ ਹੰਗਾਮਾ ਕੀਤਾ। ਇਸ ਦੇ ਨਾਲ ਹੀ ਦੋਵਾਂ ਨੇ ਚਾਲਕ ਦਲ ਅਤੇ ਯਾਤਰੀਆਂ ਨਾਲ ਵੀ ਦੁਰਵਿਵਹਾਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।


ਸਹਾਰ ਪੁਲਿਸ ਮੁਤਾਬਕ ਏਅਰਲਾਈਨਜ਼ ਦੇ ਸਟਾਫ਼ ਵੱਲੋਂ ਮਿਲੀ ਸ਼ਿਕਾਇਤ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਹੈ। ਐਫਆਈਆਰ 'ਚ ਕਿਹਾ ਗਿਆ ਹੈ ਕਿ ਨਾਲਾਸੋਪਾਰਾ ਦੇ ਜੌਨ ਜੀ ਡਿਸੂਜ਼ਾ ਅਤੇ ਕੋਲਹਾਪੁਰ ਦੇ ਦੱਤਾਤ੍ਰੇਯ ਬਾਪਰਡੇਕਰ ਆਪਣੇ ਨਾਲ ਡਿਊਟੀ ਫ੍ਰੀ ਸ਼ਰਾਬ ਖਰੀਦ ਕੇ ਲਿਆਏ ਸਨ। ਭਾਰਤ ਵਾਪਸੀ ਦਾ ਜਸ਼ਨ ਮਨਾਉਣ ਲਈ ਦੋਵਾਂ ਨੇ ਫਲਾਈਟ ਦੌਰਾਨ ਹੀ ਲਗਭਗ ਅੱਧੀ ਬੋਤਲ ਸ਼ਰਾਬ ਪੀ ਲਈ ਸੀ।


ਫਲਾਈਟ 'ਚ ਦੁਰਵਿਵਹਾਰ ਦਾ ਇਸ ਸਾਲ 'ਚ ਸੱਤਵਾਂ ਮਾਮਲਾ


ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਦੋਵੇਂ ਯਾਤਰੀ ਇੱਕ ਸਾਲ ਤੋਂ ਦੁਬਈ 'ਚ ਰਹਿ ਰਹੇ ਸਨ ਅਤੇ ਕੰਮ ਕਰ ਰਹੇ ਸਨ। ਭਾਰਤ ਵਾਪਸੀ ਦਾ ਜਸ਼ਨ ਮਨਾਉਣ ਲਈ ਉਨ੍ਹਾਂ ਨੇ ਲੋਕਾਂ ਨਾਲ ਦੁਰਵਿਵਹਾਰ ਕੀਤਾ। ਫਲਾਈਟ 'ਚ ਦੁਰਵਿਵਹਾਰ ਦਾ ਇਹ ਇਸ ਸਾਲ 'ਚ ਸੱਤਵਾਂ ਮਾਮਲਾ ਹੈ। ਪਿਸ਼ਾਬ ਕਾਂਡ ਤੋਂ ਬਾਅਦ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਸਹਾਰ ਪੁਲਿਸ ਮੁਤਾਬਕ ਇੰਡੀਗੋ ਏਅਰਲਾਈਨਜ਼ ਦੀ ਦੁਬਈ-ਮੁੰਬਈ ਫਲਾਈਟ ਤੋਂ ਆ ਰਹੇ ਦੋਵੇਂ ਯਾਤਰੀਆਂ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 336 ਅਤੇ ਜਹਾਜ਼ ਨਾਲ ਸਬੰਧਤ ਹੋਰ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ।


ਸਹਿਰ ਪੁਲਿਸ ਅਨੁਸਾਰ ਨਾਲ ਬੈਠੇ ਮੁਸਾਫਿਰਾਂ ਨੇ ਇਨ੍ਹਾਂ ਦੋਹਾਂ ਨੂੰ ਲਗਾਤਾਰ ਸ਼ਰਾਬ ਪੀਣ ਤੋਂ ਰੋਕਿਆ ਸੀ ਤਾਂ ਇਨ੍ਹਾਂ ਨੇ ਯਾਤਰੀ ਨਾਲ ਵੀ ਦੁਰਵਿਵਹਾਰ ਕੀਤਾ ਸੀ। ਚਾਲਕ ਦਲ ਦੇ ਅਨੁਸਾਰ ਚਿਤਾਵਨੀ ਦਿੱਤੇ ਜਾਣ ਦੇ ਬਾਵਜੂਦ ਦੋਵਾਂ ਨੇ ਸ਼ਰਾਬ ਪੀਣੀ ਜਾਰੀ ਰੱਖੀ। ਜਦੋਂ ਇਨ੍ਹਾਂ ਵਿਅਕਤੀਆਂ ਕੋਲੋਂ ਬੈਗ 'ਚ ਰੱਖੀ ਸ਼ਰਾਬ ਦੀਆਂ ਬੋਤਲਾਂ ਖੋਹ ਲਈਆਂ ਗਈਆਂ ਤਾਂ ਉਨ੍ਹਾਂ ਨੇ ਚਾਲਕ ਨੂੰ ਵੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।


ਫਲਾਈਟ 'ਚ ਸਿਗਰੇਟ ਪੀਣ ਨੂੰ ਲੈ ਕੇ ਹੰਗਾਮਾ ਹੋਇਆ


ਫਲਾਈਟ 'ਚ ਦੁਰਵਿਵਹਾਰ ਦਾ ਇਹ ਸੱਤਵਾਂ ਮਾਮਲਾ ਹੈ। ਕੁਝ ਦਿਨ ਪਹਿਲਾਂ 11 ਮਾਰਚ ਨੂੰ ਇੱਕ ਅਮਰੀਕੀ ਨਾਗਰਿਕ ਰਤਨਾਕਰ ਦਿਵੇਦੀ ਨੂੰ ਲੰਡਨ ਤੋਂ ਮੁੰਬਈ ਆਉਣ ਵਾਲੀ ਇੱਕ ਫਲਾਈਟ ਦੌਰਾਨ ਸਿਗਰਟ ਪੀਣ ਅਤੇ ਐਮਰਜੈਂਸੀ ਦਾ ਦਰਵਾਜ਼ਾ ਜ਼ਬਰਦਸਤੀ ਖੋਲ੍ਹਣ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। 14 ਮਾਰਚ ਨੂੰ ਉਸ ਨੂੰ 25,000 ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਮਿਲ ਗਈ ਸੀ। ਇਸ ਤੋਂ ਬਾਅਦ ਉਹ ਵਾਪਸ ਅਮਰੀਕਾ ਚਲਾ ਗਿਆ ਸੀ।