India-Afghanistan Relation: ਪਾਕਿਸਤਾਨ ਨਾਲ ਪੰਗੇ ਮਗਰੋਂ ਭਾਰਤ ਤਾਲਿਬਾਨੀਆਂ ਨਾਲ ਹੱਥ ਮਿਲਾਉਣ ਜਾ ਰਿਹਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀਰਵਾਰ ਰਾਤ ਨੂੰ ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਮੌਲਵੀ ਅਮੀਰ ਖਾਨ ਮੁਤਾਕੀ ਨਾਲ ਫ਼ੋਨ 'ਤੇ ਗੱਲ ਕੀਤੀ। ਇਸ ਦੌਰਾਨ ਜੈਸ਼ੰਕਰ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕਰਨ ਲਈ ਮੁਤਾਕੀ ਦਾ ਧੰਨਵਾਦ ਕੀਤਾ।

ਇਹ ਭਾਰਤ ਤੇ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਵਿਚਕਾਰ ਪਹਿਲੀ ਮੰਤਰੀ ਪੱਧਰੀ ਗੱਲਬਾਤ ਸੀ। ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਅਫਗਾਨ ਲੋਕਾਂ ਵਿਚਕਾਰ ਪੁਰਾਣੇ ਦੋਸਤਾਨਾ ਸਬੰਧਾਂ ਨੂੰ ਦੁਹਰਾਇਆ ਗਿਆ ਤੇ ਭਵਿੱਖ ਵਿੱਚ ਇਸ ਨੂੰ ਕਿਵੇਂ ਅੱਗੇ ਵਧਾਇਆ ਜਾਵੇ, ਇਸ 'ਤੇ ਗੱਲਬਾਤ ਕੀਤੀ ਗਈ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ, ਤਾਲਿਬਾਨ ਵਿਦੇਸ਼ ਮੰਤਰੀ ਨੇ ਭਾਰਤ ਤੋਂ ਅਫਗਾਨ ਵਪਾਰੀਆਂ ਤੇ ਮਰੀਜ਼ਾਂ ਲਈ ਭਾਰਤੀ ਵੀਜ਼ਾ ਸਹੂਲਤ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤ ਵਿੱਚ ਅਫਗਾਨ ਕੈਦੀਆਂ ਦੀ ਰਿਹਾਈ ਤੇ ਵਾਪਸੀ ਦੀ ਅਪੀਲ ਵੀ ਕੀਤੀ।

ਜੈਸ਼ੰਕਰ ਨੇ ਇਨ੍ਹਾਂ ਮੁੱਦਿਆਂ ਨੂੰ ਤੁਰੰਤ ਹੱਲ ਕਰਨ ਬਾਰੇ ਕਿਹਾ ਹੈ। ਭਾਰਤ ਨੇ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਦਾਖਲੇ ਤੋਂ ਬਾਅਦ 25 ਅਗਸਤ 2021 ਨੂੰ ਤੁਰੰਤ ਪ੍ਰਭਾਵ ਨਾਲ ਵੀਜ਼ਾ ਦੇਣਾ ਬੰਦ ਕਰ ਦਿੱਤਾ ਸੀ। ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਉੱਥੇ ਸੁਰੱਖਿਆ ਸਥਿਤੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਸੀ।

ਤਾਲਿਬਾਨ ਦੇ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਜਨਵਰੀ ਵਿੱਚ ਭਾਰਤ ਤੇ ਤਾਲਿਬਾਨ ਸਰਕਾਰ ਵਿਚਕਾਰ ਗੱਲਬਾਤ ਸ਼ੁਰੂ ਹੋਈ ਸੀ। ਜਨਵਰੀ ਵਿੱਚ ਵਿਕਰਮ ਮਿਸਰੀ ਤੇ ਮੁਤਾਕੀ ਦੀ ਦੁਬਈ ਵਿੱਚ ਇੱਕ ਮੁਲਾਕਾਤ ਹੋਈ ਸੀ। ਫਿਰ ਅਫਗਾਨ ਵਿਦੇਸ਼ ਮੰਤਰੀ ਨੇ ਅਫਗਾਨਿਸਤਾਨ ਦੇ ਲੋਕਾਂ ਨਾਲ ਜੁੜਨ ਤੇ ਉਨ੍ਹਾਂ ਦਾ ਸਮਰਥਨ ਕਰਨ ਲਈ ਭਾਰਤੀ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ ਸੀ। ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਆਨੰਦ ਪ੍ਰਕਾਸ਼ ਨੇ 28 ਅਪ੍ਰੈਲ ਨੂੰ ਮੁਤਾਕੀ ਨਾਲ ਮੁਲਾਕਾਤ ਕੀਤੀ। ਉਸ ਸਮੇਂ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਤੇ ਸਹਿਯੋਗ ਵਧਾਉਣ 'ਤੇ ਚਰਚਾ ਹੋਈ। ਹੁਣ ਐਸ ਜੈਸ਼ੰਕਰ ਤੇ ਮੁਤਾਕੀ ਨੇ ਫ਼ੋਨ 'ਤੇ ਗੱਲ ਕੀਤੀ ਹੈ।

ਦੱਸ ਦਈਏ ਕਿ ਭਾਰਤ ਨੇ ਅਜੇ ਤੱਕ ਤਾਲਿਬਾਨ ਸਰਕਾਰ ਨੂੰ ਅਧਿਕਾਰਤ ਤੌਰ 'ਤੇ ਮਾਨਤਾ ਨਹੀਂ ਦਿੱਤੀ ਪਰ ਭਾਰਤ ਨੇ ਪਿਛਲੇ 20 ਸਾਲਾਂ ਵਿੱਚ ਅਫਗਾਨਿਸਤਾਨ ਨੂੰ 20 ਹਜ਼ਾਰ ਕਰੋੜ ਰੁਪਏ ਦੀ ਮਦਦ ਕੀਤੀ ਹੈ। ਪਿਛਲੇ ਸਾਲ ਨਵੰਬਰ ਵਿੱਚ ਤਾਲਿਬਾਨ ਨੇ ਮੁੰਬਈ ਵਿੱਚ ਅਫਗਾਨ ਕੌਂਸਲੇਟ ਵਿੱਚ ਆਪਣਾ ਡਿਪਲੋਮੈਟ ਨਿਯੁਕਤ ਕੀਤਾ ਸੀ। ਰੂਸ, ਚੀਨ, ਤੁਰਕੀ, ਈਰਾਨ ਤੇ ਉਜ਼ਬੇਕਿਸਤਾਨ ਵਿੱਚ ਪਹਿਲਾਂ ਹੀ ਅਫਗਾਨ ਦੂਤਾਵਾਸ ਹਨ।