ਜਿਵੇਂ ਹੀ ਔਨਲਾਈਨ ਗੇਮਿੰਗ 'ਤੇ ਕਾਨੂੰਨ ਬਣਿਆ, ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡੀ ਕਾਰਵਾਈ ਕੀਤੀ ਹੈ। ਔਨਲਾਈਨ ਸੱਟੇਬਾਜ਼ੀ ਤੇ ਗੇਮਿੰਗ ਰੈਕੇਟ 'ਤੇ ਕਾਰਵਾਈ ਕਰਦੇ ਹੋਏ, ਈਡੀ ਨੇ ਕਰਨਾਟਕ ਦੇ ਚਿੱਤਰਦੁਰਗ ਦੇ ਵਿਧਾਇਕ ਕੇਸੀ ਵੀਰੇਂਦਰ ਨੂੰ ਗੰਗਟੋਕ ਤੋਂ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਅਨੁਸਾਰ, ਕੇਂਦਰੀ ਏਜੰਸੀ ਨੇ ਬੈਂਗਲੁਰੂ, ਚਿੱਤਰਦੁਰਗ, ਮੁੰਬਈ, ਗੋਆ ਅਤੇ ਗੰਗਟੋਕ ਸਮੇਤ 31 ਥਾਵਾਂ 'ਤੇ ਛਾਪੇਮਾਰੀ ਕੀਤੀ। ਗੋਆ ਦੇ ਪੰਜ ਵੱਡੇ ਕੈਸੀਨੋ 'ਤੇ ਵੀ ਛਾਪੇਮਾਰੀ ਕੀਤੀ ਗਈ।
ਛਾਪੇਮਾਰੀ ਵਿੱਚ 12 ਕਰੋੜ ਰੁਪਏ ਨਕਦ (1 ਕਰੋੜ ਵਿਦੇਸ਼ੀ ਮੁਦਰਾ ਸਮੇਤ), 6 ਕਰੋੜ ਦਾ ਸੋਨਾ, 10 ਕਿਲੋ ਚਾਂਦੀ ਤੇ 4 ਲਗਜ਼ਰੀ ਕਾਰਾਂ ਮਿਲੀਆਂ। ਨਾਲ ਹੀ 17 ਬੈਂਕ ਖਾਤੇ ਅਤੇ 2 ਲਾਕਰ ਫ੍ਰੀਜ਼ ਕੀਤੇ ਗਏ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਧਾਇਕ ਅਤੇ ਉਸਦਾ ਭਰਾ ਔਨਲਾਈਨ ਸੱਟੇਬਾਜ਼ੀ ਸਾਈਟਾਂ ਕਿੰਗ567 ਅਤੇ ਰਾਜਾ567 ਚਲਾ ਰਹੇ ਸਨ। ਦੁਬਈ ਤੋਂ ਕੰਪਨੀਆਂ ਰਾਹੀਂ ਪੈਸਾ ਭੇਜਿਆ ਜਾ ਰਿਹਾ ਸੀ ਤੇ ਗੈਰ-ਕਾਨੂੰਨੀ ਕਮਾਈ ਨੂੰ ਚਿੱਟੇ ਵਜੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਵਿਧਾਇਕ ਇੱਕ ਕੈਸੀਨੋ ਕਿਰਾਏ 'ਤੇ ਲੈਣ ਲਈ ਗੰਗਟੋਕ ਆਇਆ ਸੀ। ਉਦੋਂ ਈਡੀ ਨੇ ਉਸਨੂੰ ਫੜ ਲਿਆ। ਹੁਣ ਉਸਨੂੰ ਟਰਾਂਜ਼ਿਟ ਰਿਮਾਂਡ 'ਤੇ ਬੈਂਗਲੁਰੂ ਅਦਾਲਤ ਵਿੱਚ ਲਿਜਾਇਆ ਜਾ ਰਿਹਾ ਹੈ।
ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਵੀਰੇਂਦਰ ਪੱਪੀ ਚਿੱਤਰਦੁਰਗਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੀਆਂ ਧਾਰਾਵਾਂ ਤਹਿਤ ਕੀਤੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਵਿਧਾਇਕ ਅਤੇ ਕੁਝ ਹੋਰਾਂ ਦੇ ਅਹਾਤੇ ਦੀ ਔਨਲਾਈਨ ਸੱਟੇਬਾਜ਼ੀ ਅਤੇ ਗੇਮਿੰਗ ਦੇ ਸਬੰਧ ਵਿੱਚ ਤਲਾਸ਼ੀ ਲਈ ਜਾ ਰਹੀ ਹੈ।
ਈਡੀ ਟੀਮ ਨੂੰ ਪਤਾ ਲੱਗਾ ਕਿ ਕੇਸੀ ਵੀਰੇਂਦਰ ਆਪਣੇ ਸਾਥੀਆਂ ਨਾਲ ਗੰਗਟੋਕ ਦੀ ਵਪਾਰਕ ਯਾਤਰਾ 'ਤੇ ਗਿਆ ਸੀ। ਜਿੱਥੇ ਉਹ ਜ਼ਮੀਨ ਕਿਰਾਏ 'ਤੇ ਲੈ ਕੇ ਇੱਕ ਨਵਾਂ ਕੈਸੀਨੋ ਖੋਲ੍ਹਣ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ, ਉਸਨੂੰ 23 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਫਿਰ ਉਸਨੂੰ ਨਿਆਂਇਕ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਟਰਾਂਜ਼ਿਟ ਰਿਮਾਂਡ ਲਿਆ ਗਿਆ ਤਾਂ ਜੋ ਉਸਨੂੰ ਬੰਗਲੌਰ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕੇ।
ਈਡੀ ਨੂੰ ਛਾਪੇਮਾਰੀ ਦੌਰਾਨ ਅਜਿਹੇ ਕਈ ਦਸਤਾਵੇਜ਼ ਅਤੇ ਡਿਜੀਟਲ ਰਿਕਾਰਡ ਮਿਲੇ ਹਨ। ਜਿਸ ਤੋਂ ਪੈਸੇ ਦੀ ਹੇਰਾਫੇਰੀ ਅਤੇ ਮਨੀ ਲਾਂਡਰਿੰਗ ਦੇ ਇੱਕ ਵੱਡੇ ਨੈੱਟਵਰਕ ਦਾ ਖੁਲਾਸਾ ਹੁੰਦਾ ਹੈ। ਏਜੰਸੀ ਹੁਣ ਜਾਂਚ ਕਰ ਰਹੀ ਹੈ ਕਿ ਸੱਟੇਬਾਜ਼ੀ ਤੋਂ ਕਮਾਏ ਪੈਸੇ ਨਾਲ ਕਿਹੜੇ ਕਾਰੋਬਾਰਾਂ ਅਤੇ ਜਾਇਦਾਦਾਂ ਦਾ ਨਿਵੇਸ਼ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਜਾਰੀ ਹੈ। ਈਡੀ ਦੀ ਅਗਲੀ ਜਾਂਚ ਵਿੱਚ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।