Farooq Abdullah: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਨੇਤਾ ਫਾਰੂਕ ਅਬਦੁੱਲਾ ਨੂੰ ਈਡੀ ਨੇ ਕਥਿਤ ਜੰਮੂ-ਕਸ਼ਮੀਰ ਕ੍ਰਿਕਟ ਸੰਘ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਪੁੱਛਗਿੱਛ ਲਈ ਸੰਮਨ ਭੇਜਿਆ ਹੈ। 


ਉਨ੍ਹਾਂ ਨੂੰ ਮੰਗਲਵਾਰ (13 ਫਰਵਰੀ) ਨੂੰ ਜਾਂਚ ਏਜੰਸੀ ਦੇ ਸਾਹਮਣੇ ਪੁੱਛਗਿੱਛ ਲਈ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ, 2002 (ਪੀਐਮਐਲਏ) ਦੇ ਤਹਿਤ ਸੰਮਨ ਭੇਜਿਆ ਗਿਆ ਹੈ। ਈਡੀ ਨੇ ਇਸ ਮਾਮਲੇ ਵਿੱਚ 2022 ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਸੀ।


ਇਹ ਵੀ ਪੜ੍ਹੋ: CBSE Board List: CBSE ਨੇ ਜਾਰੀ ਕੀਤੀ ਫੇਕ ਸੋਸ਼ਲ ਮੀਡੀਆ ਅਕਾਊਂਟ ਦੀ ਲਿਸਟ, ਸਾਵਧਾਨ ਰਹਿਣ ਦੀ ਦਿੱਤੀ ਸਲਾਹ


ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ ਫਾਰੂਕ ਅਬਦੁੱਲਾ ਨੇ ਪ੍ਰਧਾਨ ਦੇ ਤੌਰ 'ਤੇ ਆਪਣੇ ਕਾਰਜਕਾਲ ਦੌਰਾਨ ਜੰਮੂ-ਕਸ਼ਮੀਰ ਕ੍ਰਿਕਟ ਸੰਘ ਦੇ ਅਧਿਕਾਰੀਆਂ ਅਤੇ ਹੋਰ ਲੋਕਾਂ ਤੋਂ ਖੇਡ ਦੇ ਵਿਕਾਸ ਦੇ ਨਾਂ 'ਤੇ ਪ੍ਰਾਪਤ ਫੰਡਾਂ ਨੂੰ ਡਾਇਵਰਟ ਕੀਤਾ। ਉੱਥੇ ਹੀ ਇਸ ਦੀ ਵਰਤੋਂ ਨਿੱਜੀ ਫਾਇਦੇ ਲਈ ਕੀਤੀ। ਇਹ ਫੰਡ ਕਈ ਨਿੱਜੀ ਬੈਂਕ ਖਾਤਿਆਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਭੇਜਿਆ ਗਿਆ ਸੀ। ਬਾਅਦ ਵਿੱਚ ਫੰਡ ਆਪਸ ਵਿੱਚ ਵੰਡ ਲਏ ਗਏ।


ਈਡੀ ਨੇ 2018 ਵਿੱਚ ਸੀਬੀਆਈ ਦੀ ਚਾਰਜਸ਼ੀਟ ਦੇ ਅਧਾਰ 'ਤੇ ਇਸ ਮਾਮਲੇ ਵਿੱਚ ਪੀਐਮਐਲਏ ਦੀ ਜਾਂਚ ਸ਼ੁਰੂ ਕੀਤੀ ਸੀ। ਬੀਸੀਸੀਆਈ ਨੇ ਐਸੋਸੀਏਸ਼ਨ ਨੂੰ 112 ਕਰੋੜ ਰੁਪਏ ਦਿੱਤੇ ਸਨ। ਦੋਸ਼ ਹੈ ਕਿ ਇਸ 'ਚੋਂ 43.6 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਕਥਿਤ ਘੁਟਾਲਾ ਉਦੋਂ ਹੋਇਆ ਜਦੋਂ ਫਾਰੂਕ ਅਬਦੁੱਲਾ 2001 ਤੋਂ 2012 ਦਰਮਿਆਨ ਜੰਮੂ-ਕਸ਼ਮੀਰ ਕ੍ਰਿਕਟ ਸੰਘ ਦੇ ਪ੍ਰਧਾਨ ਸਨ।


ਇਹ ਵੀ ਪੜ੍ਹੋ: Bihar Floor Test: ਨਿਤੀਸ਼ ਸਰਕਾਰ ਨੇ ਜਿੱਤਿਆ ਭਰੋਸੇ ਦਾ ਵੋਟ, ਪੱਖ 'ਚ ਪਈਆਂ 129 ਵੋਟਾਂ