Haryana Assembly Election: ਭਾਰਤੀ ਚੋਣ ਕਮਿਸ਼ਨ ਨੇ ਹਰਿਆਣਾ ਅੰਦਰ ਸਮੇਂ ਤੋਂ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮੌਜੂਦਾ ਬੀਜੇਪੀ ਸਰਕਾਰ ਦਾ ਕਾਰਜਕਾਲ 3 ਨਵੰਬਰ 2024 ਨੂੰ ਖਤਮ ਹੋਵੇਗਾ ਪਰ ਸੂਬੇ ਵਿੱਚ ਨਵੀਂ ਸਰਕਾਰ 4 ਅਕਤੂਬਰ ਨੂੰ ਹੀ ਬਣ ਜਾਏਗੀ। ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਦੇ ਨਾਲ ਹੀ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ।



ਦੱਸ ਦਈਏ ਕਿ ਚੋਣ ਕਮਿਸ਼ਨ ਨੇ 2019 ਦੀਆਂ ਵਿਧਾਨ ਸਭਾ ਚੋਣਾਂ ਲਈ 21 ਸਤੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਹਰਿਆਣਾ ਵਿੱਚ ਪਿਛਲੇ ਤਿੰਨ ਵਾਰ 12 ਸਤੰਬਰ ਤੋਂ ਬਾਅਦ ਹੀ ਚੋਣਾਂ ਦਾ ਐਲਾਨ ਕੀਤਾ ਹੋਇਆ ਸੀ ਤੇ 15 ਅਕਤੂਬਰ ਤੋਂ ਬਾਅਦ ਨਤੀਜੇ ਆਏ ਸਨ। ਇਸ ਵਾਰ ਚੋਣਾਂ ਦਾ ਐਲਾਨ ਇੱਕ ਮਹੀਨਾ ਪਹਿਲਾਂ ਹੀ ਕਰ ਦਿੱਤਾ ਗਿਆ ਹੈ।


ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਉਪਰ ਇੱਕੋ ਪੜਾਅ ਵਿੱਚ ਚੋਣਾਂ ਹੋਣਗੀਆਂ। ਇਸ ਲਈ ਵੋਟਿੰਗ ਇੱਕ ਅਕਤੂਬਰ ਨੂੰ ਹੋਵੇਗੀ ਤੇ 4 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਏਗੀ ਹੈ। ਚੋਣਾਂ ਦੇ ਐਲਾਨ ਦੇ ਨਾਲ ਹੀ ਸੂਬੇ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। 


ਇਸ ਵਾਰ ਨੋਟੀਫਿਕੇਸ਼ਨ 5 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ। ਇਸ ਦਿਨ ਤੋਂ ਹੀ ਨਾਮਜ਼ਦਗੀਆਂ ਸ਼ੁਰੂ ਹੋ ਜਾਣਗੀਆਂ। ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ 12 ਸਤੰਬਰ ਹੋਵੇਗਾ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 13 ਸਤੰਬਰ ਨੂੰ ਹੋਵੇਗੀ। ਜਦਕਿ 16 ਸਤੰਬਰ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ।



ਦੱਸ ਦਈਏ ਕਿ ਇਸ ਵੇਲੇ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਹੈ। 2014 ਵਿੱਚ ਭਾਜਪਾ ਨੇ 47 ਸੀਟਾਂ ਜਿੱਤ ਕੇ ਪੂਰਨ ਬਹੁਮਤ ਨਾਲ ਸਰਕਾਰ ਬਣਾਈ ਸੀ। ਇਸ ਤੋਂ ਬਾਅਦ 2019 'ਚ ਭਾਜਪਾ ਬਹੁਮਤ ਤੋਂ ਖੁੰਝ ਗਈ ਸੀ। ਭਾਜਪਾ ਨੂੰ ਸਿਰਫ਼ 40 ਸੀਟਾਂ ਮਿਲੀਆਂ ਪਰ ਜੇਜੇਪੀ ਨਾਲ ਗੱਠਜੋੜ ਕਰਕੇ ਸਰਕਾਰ ਬਣਾ ਲਈ ਸੀ। ਹਾਲਾਂਕਿ ਦੋ ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ 'ਚ ਸੀਟਾਂ ਦੀ ਵੰਡ 'ਤੇ ਸਹਿਮਤੀ ਨਾ ਬਣਨ ਕਾਰਨ ਗਠਜੋੜ ਟੁੱਟ ਗਿਆ ਸੀ। ਭਾਜਪਾ ਆਜ਼ਾਦ ਉਮੀਦਵਾਰਾਂ ਤੇ ਗੋਪਾਲ ਕਾਂਡਾ ਦੇ ਹਲੋਪਾ ਦੀ ਮਦਦ ਨਾਲ ਸਰਕਾਰ ਚਲਾ ਰਹੀ ਹੈ।


ਕਿਸਾਨ ਅੰਦੋਲਨ ਮਗਰੋਂ ਭਾਜਪਾ ਨੇ ਮਨੋਹਰ ਲਾਲ ਖੱਟਰ ਨੂੰ ਹਟਾ ਕੇ ਨਾਇਬ ਸੈਣੀ ਨੂੰ ਮੁੱਖ ਮੰਤਰੀ ਬਣਾਇਆ ਲੀ। ਹੁਣ ਉਨ੍ਹਾਂ ਦੀ ਅਗਵਾਈ ਹੇਠ ਹੀ ਬੇਜਪੀ ਚੋਣਾਂ ਲੜੇਗੀ। ਇਸ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੁਝ ਦਿਨ ਪਹਿਲਾਂ ਪੰਚਕੂਲਾ 'ਚ ਐਲਾਨ ਕਰ ਦਿੱਤਾ ਸੀ। 



ਦੂਜੇ ਪਾਸੇ ਸੀਐਮ ਦੀ ਕੁਰਸੀ ਨੂੰ ਲੈ ਕੇ ਕਾਂਗਰਸ ਵਿੱਚ ਲੜਾਈ ਚੱਲ ਰਹੀ ਹੈ। ਸਾਬਕਾ ਸੀਐਮ ਭੂਪੇਂਦਰ ਹੁੱਡਾ ਇਸ ਲਈ ਮਜ਼ਬੂਤ ​​ਦਾਅਵੇਦਾਰ ਹਨ ਪਰ ਸਿਰਸਾ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਵੀ ਰਣਦੀਪ ਸੁਰਜੇਵਾਲਾ ਤੇ ਸਾਬਕਾ ਮੰਤਰੀ ਬੀਰੇਂਦਰ ਸਿੰਘ ਦੀ ਮਦਦ ਨਾਲ ਇਸ ਲਈ ਦਾਅਵਾ ਪੇਸ਼ ਕਰ ਰਹੀ ਹੈ। ਕਾਂਗਰਸ ਨੇ ਰਸਮੀ ਤੌਰ 'ਤੇ ਕਿਸੇ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਨਹੀਂ ਕੀਤਾ ਹੈ।