ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਆਰਐਮ ਲੋਢਾ ਆਨਲਾਈਨ ਠੱਗੀ ਦੇ ਸ਼ਿਕਾਰ ਹੋ ਗਏ ਹਨ। ਹੈਕਰਾਂ ਨੇ ਉਨ੍ਹਾਂ ਦੇ ਦੋਸਤ ਦਾ ਈਮੇਲ ਅਕਾਉਂਟ ਹੈਕ ਕਰ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਸ ਮਾਮਲੇ ਬਾਰੇ ਜਦੋਂ ਸਾਬਕਾ ਜੱਜ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਅਸਿਸਟੈਂਟ ਕਮਿਸ਼ਨਰ ਆਫ਼ ਪੁਲਿਸ ਤੇ ਮਾਲਵੀਆ ਨਗਰ ਦੇ ਪੁਲਿਸ ਸਟੇਸ਼ਨ ਦੇ ਸਾਈਬਰ ਸੈੱਲ ‘ਚ ਸ਼ਿਕਾਇਤ ਕੀਤੀ।




ਆਪਣੀ ਸ਼ਿਕਾਇਤ ‘ਚ ਸਾਬਕਾ ਚੀਫ਼ ਜਸਟਿਸ ਨੇ ਕਿਹਾ ਕਿ ਉਹ ਆਪਣੇ ਦੋਸਤ ਜਸਟਿਸ ਬੀਪੀ ਸਿੰਘ ਨਾਲ ਅਕਸਰ ਈਮੇਲ ਰਾਹੀਂ ਗੱਲ ਕਰਦੇ ਸੀ। ਇਸ ਨੂੰ ਕਿਸੇ ਨੇ ਹੈਕ ਕਰ ਉਨ੍ਹਾਂ ਤੋਂ ਇੱਕ ਲੱਖ ਰੁਪਏ ਦੀ ਠੱਗੀ ਕੀਤੀ। ਉਨ੍ਹਾਂ ਆਪਣੀ ਸ਼ਿਕਾਇਤ ‘ਚ ਦੱਸਿਆ ਕਿ 9 ਅਪਰੈਲ ਨੂੰ ਬੀਪੀ ਸਿੰਘ ਦੇ ਈਮੇਲ ਤੋਂ ਮੇਲ ਆਇਆ ਕਿ ਉਨ੍ਹਾਂ ਨੂੰ ਆਪਣੇ ਚਚੇਰੇ ਭਰਾ ਦੇ ਇਲਾਜ ਲਈ ਤੁਰੰਤ ਇੱਕ ਲੱਖ ਰੁਪਏ ਦੀ ਲੋੜ ਹੈ। ਫੋਨ ‘ਤੇ ਸੰਪਰਕ ਨਾ ਹੋਣ ਕਾਰਨ ਮੈਂ ਪੈਸੇ ਮੇਲ ‘ਚ ਆਏ ਅਕਾਉਂਟ ਨੰਬਰ ‘ਤੇ ਭੇਜ ਦਿੱਤੇ।




ਨਿਊਜ਼ ਏਜੰਸੀ ਆਈਏਐਨਐਸ ਨੂੰ ਇੱਕ ਪੁਲਿਸ ਅਧਿਕਾਰੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਸਾਬਕਾ ਜੱਜ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਪੁਲਿਸ ਹੈਕਰਾਂ ਦੀ ਗ੍ਰਿਫ਼ਤਾਰੀ ‘ਚ ਲੱਗੀ ਹੋਈ ਹੈ।