Extortion Calls in India: ਪੰਜਾਬ ਨੂੰ ਨਸ਼ਿਆਂ ਤੇ ਗੈਂਗਸਟਰਵਾਦ ਦੇ ਨਾਂ ਉੁਪਰ ਬਦਨਾਮ ਕੀਤਾ ਜਾ ਰਿਹਾ ਹੈ ਪਰ ਦੂਜੇ ਰਾਜਾਂ ਦੀ ਤਸਵੀਰ ਵੀ ਹੈਰਾਨ ਕਰ ਦੇਣ ਵਾਲੀ ਹੈ। ਪਿਛਲੇ ਸਮੇਂ ਵਿੱਚ ਨਸ਼ਿਆਂ ਦੀਆਂ ਸਭ ਤੋਂ ਵੱਡੀਆਂ ਖੇਪਾਂ ਗੁਜਰਾਤ ਤੋਂ ਫੜੀਆਂ ਗਈਆਂ। ਅਪਰਾਧ ਦੇ ਮਾਮਲੇ ਵਿੱਚ ਯੂਪੀ ਤੇ ਬਿਹਾਰ ਦੇ ਅੰਕੜੇ ਹੈਰਾਨ ਕਰ ਦੇਣ ਵਾਲੇ ਹਨ। ਹੁਣ ਤਾਜ਼ਾ ਖੁਲਾਸਾ ਦੇਸ਼ ਦੀ ਰਾਜਧਾਨੀ ਦਿੱਲੀ ਬਾਰੇ ਹੋਇਆ ਹੈ। ਕੇਂਦਰ ਸਰਕਾਰ ਦੇ ਸੁਰੱਖਿਆ ਪਹਿਰੇ ਵਾਲੀ ਦਿੱਲੀ ਅੰਦਰ ਕਾਰੋਬਾਰੀ ਹੀ ਸੁਰੱਖਿਅਤ ਨਹੀਂ ਹਨ। ਸਰਕਾਰੀ ਅੰਕੜਿਆਂ ਮੁਤਾਬਕ ਦਿੱਲੀ ਦੇ ਕਾਰੋਬਾਰੀਆਂ ਨੂੰ ਹਰ ਦੂਜੇ ਦਿਨ ਫਿਰੌਤੀ ਦੀ ਇੱਕ ਫੋਨ ਕਾਲ ਆ ਰਹੀ ਹੈ।
ਅੰਕੜਿਆਂ ਮੁਤਾਬਕ ਦਿੱਲੀ ਦੇ ਕਾਰੋਬਾਰੀਆਂ ਨੂੰ ਇਸ ਸਾਲ ਅਕਤੂਬਰ ਤੱਕ 160 ਜਬਰੀ ਵਸੂਲੀ ਦੀਆਂ ਦੇ ਫੋਨ ਆਏ ਹਨ, ਭਾਵ ਔਸਤਨ ਹਰ ਦੂਜੇ ਦਿਨ ਇੱਕ ਫੋਨ। ਪੁਲਿਸ ਸੂਤਰਾਂ ਮੁਤਾਬਕ ਇਨ੍ਹਾਂ ਕਾਲਾਂ ਵਿੱਚੋਂ ਜ਼ਿਆਦਾਤਰ ਕਾਲਾਂ ਵਿਦੇਸ਼ੀ ਅਧਾਰਤ ਗੈਂਗਸਟਰਾਂ ਜਾਂ ਉਨ੍ਹਾਂ ਦੇ ਸਾਥੀਆਂ ਵੱਲੋਂ ਆਉਂਦੀਆਂ ਹਨ, ਉਹ ਵਾਈਸ ਓਵਰ ਇੰਟਰਨੈਟ ਪ੍ਰੋਟੋਕੋਲ ਜਾਂ ਅੰਤਰਰਾਸ਼ਟਰੀ ਫ਼ੋਨ ਨੰਬਰਾਂ ਦੀ ਵਰਤੋਂ ਕਰਦੇ ਹਨ। ਇਹ ਫੋਨ ਕਾਲਾਂ ਜ਼ਿਆਦਾਤਰ ਬਿਲਡਰਾਂ ਤੇ ਪ੍ਰਾਪਰਟੀ ਡੀਲਰਾਂ, ਜਵੈਲਰਾਂ ਤੇ ਸ਼ਹਿਰ ਭਰ ਵਿੱਚ ਮਿਠਾਈਆਂ ਦੀਆਂ ਦੁਕਾਨਾਂ ਤੇ ਕਾਰ ਸ਼ੋਅਰੂਮਾਂ ਦੇ ਮਾਲਕਾਂ ਨੂੰ ਆਈਆਂ ਹਨ।
ਇਸ ਸਾਲ ਅਕਤੂਬਰ ਤੱਕ ਕਾਰੋਬਾਰੀਆਂ ਨੂੰ ਲਗਪਗ 160 ਜਬਰੀ ਵਸੂਲੀ ਦੀਆਂ ਕਾਲਾਂ ਦੀ ਰਿਪੋਰਟ ਕੀਤੀ ਗਈ ਹੈ। ਇੱਕ ਸੂਤਰ ਨੇ ਦੱਸਿਆ ਕਿ ਕੁਝ ਮਾਮਲਿਆਂ ਵਿੱਚ ਕਾਲਾਂ ਦੇ ਬਾਅਦ ਨਿਸ਼ਾਨਾ ਬਣਾਏ ਗਏ ਵਿਅਕਤੀ ਦੇ ਦਫ਼ਤਰ, ਘਰ ਦੇ ਬਾਹਰ ਗੋਲੀਬਾਰੀ ਕੀਤੀ ਗਈ। ਪਿਛਲੇ ਹਫ਼ਤੇ ਸਿਰਫ਼ ਚਾਰ ਦਿਨਾਂ ਵਿੱਚ ਸੱਤ ਅਜਿਹੇ ਮਾਮਲੇ ਸਾਹਮਣੇ ਆਏ ਸਨ, ਜਿੱਥੇ ਗੈਂਗਸਟਰਾਂ ਨੇ ਇੱਕ ਜੌਹਰੀ, ਜਿੰਮ ਮਾਲਕ, ਪ੍ਰਾਪਰਟੀ ਡੀਲਰ, ਮਿਠਾਈ ਦੀ ਦੁਕਾਨ ਦੇ ਮਾਲਕ ਤੇ ਇੱਕ ਮੋਟਰ ਵਰਕਸ਼ਾਪ ਦੇ ਮਾਲਕ ਨੂੰ ਨਿਸ਼ਾਨਾ ਬਣਾਇਆ ਸੀ।
ਜਬਰੀ ਵਸੂਲੀ ਦੀਆਂ ਕਾਲਾਂ ਵਿਚ ਗੈਂਗਸਟਰਾਂ ਵੱਲੋਂ ਕਰੋੜਾਂ ਰੂਪਏ ਮੰਗੇ ਜਾਂਦੇ ਹਨ। 5 ਨਵੰਬਰ ਨੂੰ ਰੋਹਿਣੀ ਤੋਂ ਸਾਹਮਣੇ ਆਈ ਅਜਿਹੀ ਹੀ ਇੱਕ ਘਟਨਾ ਵਿੱਚ ਤਿੰਨ ਵਿਅਕਤੀ ਇੱਕ ਸ਼ੋਅਰੂਮ ਵਿੱਚ ਦਾਖਲ ਹੋਏ ਤੇ ਹਵਾ ਵਿੱਚ ਫਾਇਰਿੰਗ ਕੀਤੀ। ਉਹ ਆਪਣੇ ਪਿੱਛੇ ਗੈਂਗਸਟਰਾਂ ਦੇ ਨਾਵਾਂ ਵਾਲਾ ਇੱਕ ਜਬਰੀ ਵਸੂਲੀ ਵਾਲਾ ਪੱਤਰ ਛੱਡ ਗਏ, ਜਿਸ ਵਿਚ 10 ਕਰੋੜ ਰੁਪਏ ਤੇ ਯੋਗੇਸ਼ ਦਾਹੀਆ, ਫੈਜੇ ਭਾਈ ਤੇ ਮੋਂਟੀ ਮਾਨ ਦੇ ਨਾਂ ਲਿਖੇ ਹੋਏ ਸਨ। ਇੱਕ ਹੋਰ ਮਾਮਲੇ ਵਿੱਚ 7 ਨਵੰਬਰ ਨੂੰ ਨੰਗਲੋਈ ਵਿੱਚ ਇੱਕ ਜਿਮ ਮਾਲਕ ਤੋਂ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਆਈ ਕਾਲ ਵਿਚ 7 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਕਾਲ ਕਰਨ ਵਾਲੇ ਨੇ ਜੇਲ੍ਹ ’ਚ ਬੰਦ ਗੈਂਗਸਟਰ ਦੀਪਕ ਬਾਕਸਰ ਜੋ ਕਿ ਲਾਰੈਂਸ ਬਿਸ਼ਨੋਈ ਦਾ ਸਾਥੀ ਹੈ, ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਹੈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਸੱਤ ਮਾਮਲਿਆਂ ਵਿੱਚ ਐਫਆਈਆਰ ਦਰਜ ਕਰ ਲਈਆਂ ਗਈਆਂ ਹਨ ਤੇ ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਦੀਆਂ ਵੱਖ-ਵੱਖ ਟੀਮਾਂ ਦੋਸ਼ੀਆਂ ਨੂੰ ਫੜਨ ਲਈ ਕੰਮ ਕਰ ਰਹੀਆਂ ਹਨ। ਪੀਟੀਆਈ ਵੱਲੋਂ ਐਕਸੈਸ ਕੀਤੇ ਗਏ ਦਿੱਲੀ ਪੁਲਿਸ ਦੇ ਅੰਕੜਿਆਂ ਦੇ ਅਨੁਸਾਰ ਇਸ ਸਾਲ 15 ਅਗਸਤ ਤੱਕ ਕੌਮੀ ਰਾਜਧਾਨੀ ਵਿੱਚ ਕੁੱਲ 133 ਜਬਰੀ ਵਸੂਲੀ ਦੇ ਮਾਮਲੇ ਸਾਹਮਣੇ ਆਏ ਹਨ। ਅੰਕੜਿਆਂ ਅਨੁਸਾਰ ਪਿਛਲੇ ਸਾਲ ਇਸੇ ਸਮੇਂ ਦੌਰਾਨ ਅਜਿਹੇ ਕੁੱਲ 141 ਮਾਮਲੇ ਸਾਹਮਣੇ ਆਏ ਸਨ ਤੇ 2022 ਲਈ ਇਹ ਅੰਕੜਾ 110 ਸੀ। ਪੁਲਿਸ ਨੇ ਕਿਹਾ ਕਿ ਸਾਲ 2023 ਦੌਰਾਨ ਲੋਕਾਂ ਨੂੰ ਜ਼ਬਰੀ ਵਸੂਲੀ ਦੀਆਂ ਕਾਲਾਂ ਕਰਨ ਦੇ 204 ਤੇ 2022 ਵਿੱਚ 187 ਮਾਮਲੇ ਸਾਹਮਣੇ ਆਏ।
ਅਜਿਹੇ ਮਾਮਲਿਆਂ ਨਾਲ ਨਿਪਟਣ ਵਾਲੇ ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਕਾਲ ਕਰਨ ਵਾਲੇ ਜ਼ਿਆਦਾਤਰ ਜਾਅਲੀ ਸਿਮ ਕਾਰਡਾਂ ’ਤੇ ਲਏ ਗਏ VOIP ਨੰਬਰਾਂ ਜਾਂ WhatsApp ਨੰਬਰਾਂ ਦੀ ਵਰਤੋਂ ਕਰਦੇ ਹਨ। ਸੂਤਰਾਂ ਨੇ ਦੱਸਿਆ ਕਿ ਪੁਲਿਸ ਨੇ ਪਿਛਲੇ ਕੁਝ ਮਹੀਨਿਆਂ ’ਚ ਕੌਮੀ ਰਾਜਧਾਨੀ ਖੇਤਰ ’ਚ ਫਿਰੌਤੀ ਕਾਲਾਂ ਦੇ ਨਾਲ-ਨਾਲ ਗੋਲੀਬਾਰੀ ਤੇ ਹੱਤਿਆਵਾਂ ’ਚ ਸ਼ਾਮਲ 11 ਗਰੋਹਾਂ ਦੀ ਪਛਾਣ ਕੀਤੀ ਹੈ। ਇਸ ਗਰੋਹ ਵਿੱਚ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ, ਹਿਮਾਂਸ਼ੂ ਭਾਊ, ਕਪਿਲ ਸਾਂਗਵਾਨ ਉਰਫ਼ ਨੰਦੂ, ਜਤਿੰਦਰ ਗੋਗੀ-ਸੰਪਤ ਨਹਿਰਾ, ਹਾਸ਼ਿਮ ਬਾਬਾ, ਸੁਨੀਲ ਟਿੱਲੂ, ਕੌਸ਼ਲ ਚੌਧਰੀ, ਨੀਰਜ ਫਰੀਦਪੁਰੀਆ ਤੇ ਨੀਰਜ ਬਵਾਨਾ ਸ਼ਾਮਲ ਹਨ। ਪੁਲਿਸ ਨੇ ਕਿਹਾ ਕਿ ਗੋਗੀ ਤੇ ਟਿੱਲੂ ਨੂੰ ਛੱਡ ਕੇ, ਜਿਨ੍ਹਾਂ ਦੀ ਗੈਂਗ ਦੁਸ਼ਮਣੀ ਕਾਰਨ ਮੌਤ ਹੋ ਗਈ, ਇਨ੍ਹਾਂ ਵਿੱਚੋਂ ਬਹੁਤੇ ਗੈਂਗਸਟਰ ਸਲਾਖਾਂ ਪਿੱਛੇ ਹਨ ਜਾਂ ਵਿਦੇਸ਼ ਵਿੱਚ ਹਨ।