ਨਵੀਂ ਦਿੱਲੀ: ਫੇਸਬੁੱਕ ਨੇ ਭਾਰਤੀ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਦਰਅਸਲ, ਫੇਸਬੁੱਕ ਨੇ ਛੋਟੇ ਕਾਰੋਬਾਰ ਕਰਨ ਵਾਲੇ ਜਾਂ ਭਾਰਤ ਦੇ 200 ਸ਼ਹਿਰਾਂ ਵਿੱਚ ਛੋਟਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਲੋਕਾਂ ਨੂੰ ਕਰਜ਼ਾ ਦੇਣ ਦਾ ਐਲਾਨ ਕੀਤਾ ਹੈ। ਛੋਟੇ ਕਾਰੋਬਾਰ ਸ਼ੁਰੂ ਕਰਨ ਵਾਲੇ ਲੋਕ ਹੁਣ ਫੇਸਬੁੱਕ ਤੋਂ 5 ਰੁਪਏ ਤੋਂ 50 ਲੱਖ ਰੁਪਏ ਤੱਕ ਦਾ ਲੋਨ ਲੈ ਸਕਦੇ ਹਨ।


ਫੇਸਬੁੱਕ ਨੇ ਆਪਣੇ ਖਪਤਕਾਰਾਂ ਨੂੰ ਲੋਨ ਦੇਣ ਲਈ ਇੰਡੀਫੀ (Indifi) ਨਾਲ ਭਾਈਵਾਲੀ ਪਾਈ ਹੈ। ਇਸ ਭਾਈਵਾਲਾ ਅਧੀਨ, ਫੇਸਬੁੱਕ ਕਾਰੋਬਾਰੀ ਸ਼ੁਰੂਆਤ ਕਰਨ ਵਾਲਿਆਂ ਨੂੰ ਕਰਜ਼ੇ ਦੇਵੇਗਾ, ਜਦੋਂ ਕਿ ਉਸ ਕਰਜ਼ੇ ਦੀ ਉਗਰਾਹੀ (ਰਿਕਵਰੀ) ਕਿਵੇਂ ਕਰਨੀ ਹੈ ਇਸ ਬਾਰੇ ਫੈਸਲਾ Indifi ਵੱਲੋਂ ਕੀਤਾ ਜਾਵੇਗਾ।


ਕਰਜ਼ਾ ਮਿਲੇਗਾ 17-20 ਫੀਸਦੀ ਵਿਆਜ ਦਰ 'ਤੇ


ਇਸ ਖ਼ਾਹਿਸ਼ੀ ਯੋਜਨਾ ਨੂੰ ਲਾਂਚ ਕਰਦੇ ਹੋਏ, ਸੋਸ਼ਲ ਮੀਡੀਆ ਦੀ ਪ੍ਰਮੁੱਖ ਕੰਪਨੀ ਫੇਸਬੁੱਕ ਇੰਡੀਆ ਦੇ ਮੀਤ ਪ੍ਰਧਾਨ ਤੇ ਐੱਮਡੀ ਅਜੀਤ ਮੋਹਨ ਨੇ ਕਿਹਾ ਕਿ ਕਾਰੋਬਾਰੀ ਲੋਕਾਂ ਨੂੰ ਇਹ ਕਰਜ਼ਾ ਲੈਣ ਲਈ ਕੁਝ ਵੀ ਗਿਰਵੀ ਰੱਖਣਾ ਨਹੀਂ ਪਵੇਗਾ।


ਇਹ ਲੋਨ ਕੰਪਨੀ 17-20 ਫੀਸਦੀ ਦੀ ਵਿਆਜ ਦਰ 'ਤੇ ਮੁਹੱਈਆ ਕਰਵਾਏਗੀ। ਇਸ ਤੋਂ ਇਲਾਵਾ ਜੇ ਕਾਰੋਬਾਰੀ ਔਰਤ ਕਰਦੀ ਹੈ ਤਾਂ ਕੰਪਨੀ ਵੱਲੋਂ 0.2 ਫੀਸਦੀ ਦੀ ਛੋਟ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸੰਭਵ ਹੈ ਕਿ ਸਾਡੇ ਇਸ ਕਦਮ ਤੋਂ ਬਾਅਦ ਕਈ ਕੰਪਨੀਆਂ ਅਜਿਹਾ ਕੰਮ ਕਰਨਗੀਆਂ ਤੇ ਬਾਜ਼ਾਰ ਵਿੱਚ ਪੂੰਜੀ ਵਧੇਗੀ।


ਅਜੀਤ ਮੋਹਨ ਨੇ ਇਹ ਵੀ ਕਿਹਾ ਕਿ ਇਸ ਵੇਲੇ ਸੂਖਮ ਅਤੇ ਛੋਟੇ ਉਦਯੋਗ ਚਲਾਉਣ ਲਈ ਪੂੰਜੀ ਦੀ ਲੋੜ ਹੈ, ਜੋ ਲੋਕਾਂ ਨੂੰ ਅਸਾਨੀ ਨਾਲ ਉਪਲਬਧ ਨਹੀਂ ਹੈ। ਫੇਸਬੁੱਕ ਇਸ ਪੂੰਜੀ ਦੀ ਸਮੱਸਿਆ ਨੂੰ ਦੂਰ ਕਰਨਾ ਚਾਹੁੰਦੀ ਹੈ। ਇਸੇ ਲਈ ਕੰਪਨੀ ਨੇ ਇਹ ਪਹਿਲ ਕੀਤੀ ਹੈ।


ਫੇਸਬੁੱਕ ਨੇ 10 ਕਰੋੜ ਡਾਲਰ ਦਾ ਫੰਡ ਬਣਾਇਆ ਸੀ ਜਿਸ ਦੀ ਵਰਤੋਂ ਭਾਰਤ ਸਮੇਤ 30 ਦੇਸ਼ਾਂ ਵਿੱਚ ਕੀਤੀ ਜਾਵੇਗੀ। ਕੰਪਨੀ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਕੰਪਨੀ ਨੇ ਗੁਰੂਗ੍ਰਾਮ, ਮੁੰਬਈ, ਹੈਦਰਾਬਾਦ, ਬੰਗਲੌਰ ਦੇ 300 ਉੱਦਮੀਆਂ ਨੂੰ 40 ਲੱਖ ਡਾਲਰ ਦਾ ਕਰਜ਼ਾ ਦਿੱਤਾ ਹੈ।


ਅਸੀਂ ਛੋਟੇ ਉਦਯੋਗ ਚਲਾ ਰਹੇ ਲੋਕਾਂ ਦੀ ਸਮੱਸਿਆ ਨੂੰ ਸਮਝਦੇ ਹਾਂ, ਅਸੀਂ ਉਨ੍ਹਾਂ ਨੂੰ ਕਰਜ਼ਾ ਦੇ ਕੇ ਅੱਗੇ ਵਧਣ ਦਾ ਮੌਕਾ ਦੇਵਾਂਗੇ। ਇਸ ਦੇ ਨਾਲ, ਉਹ ਭਵਿੱਖ ਵਿੱਚ ਅੱਗੇ ਵਧੇਗਾ ਤੇ ਕੰਪਨੀ ਨੂੰ ਲਾਭ ਵੀ ਦੇਵੇਗਾ। ਇਸ ਤੋਂ ਇਲਾਵਾ, ਅੱਜ ਜਿਹੜੇ ਛੋਟੇ ਉਦਯੋਗ ਚਲਾ ਰਹੇ ਹਨ ਉਹ ਕੱਲ੍ਹ ਵੱਡੀਆਂ ਕੰਪਨੀਆਂ ਬਣ ਜਾਣਗੇ ਤੇ ਭਾਰਤ ਦੀ ਅਰਥ ਵਿਵਸਥਾ ਨੂੰ ਵਧਾਉਣ ਵਿੱਚ ਵੀ ਆਪਣਾ ਸਮਰਥਨ ਦੇਣਗੇ।