ਨਵੀਂ ਦਿੱਲੀ: ਸਿਆਸਤ 'ਚ 'ਤਿਲ ਦਾ ਤਾੜ' ਬਣਨ 'ਚ ਦੇਰ ਨਹੀਂ ਲੱਗਦੀ। ਹੁਣ ਇਸ ਤਸਵੀਰ ਦਾ ਹੀ ਮਾਮਲਾ ਲੈ ਲਓ। ਆਪਣੇ ਦੋਸਤ ਦੇ ਵਿਆਹ 'ਚ ਸ਼ਾਮਲ ਹੋਣ ਲਈ ਨੇਪਾਲ ਗਏ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਇਸ ਫੋਟੋ ਨੇ ਕਾਫੀ ਹੰਗਾਮਾ ਮਚਾ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਤਸਵੀਰ 'ਚ ਰਾਹੁਲ ਗਾਂਧੀ ਇੱਕ ਪੱਬ 'ਚ ਪਾਰਟੀ ਕਰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਨਜ਼ਰ ਆ ਰਹੀ ਔਰਤ ਨੂੰ ਲੈ ਕੇ ਬਹੁਤ ਸਾਰੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਇਸ ਨੂੰ ਚੀਨੀ ਰਾਜਦੂਤ ਹੋਊ ਯਾਂਕੀ (Hou Yanqi) ਦੱਸਿਆ ਗਿਆ ਹੈ ਪਰ ਤੱਥਾਂ ਦੀ ਜਾਂਚ ਵਿੱਚ ਕੁਝ ਹੋਰ ਹੀ ਸਾਹਮਣੇ ਆਇਆ ਹੈ।
ਆਖਰ ਉਹ ਕੌਣ ਸੀ?
ਮੀਡੀਆ ਹਾਊਸ ਇੰਡੀਆ ਟੂਡੇ ਐਂਟੀ ਫੇਕ ਨਿਊਜ਼ ਵਾਰ ਰੂਮ (AFWA) ਦਾ ਦਾਅਵਾ ਹੈ ਕਿ 3 ਮਈ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਤਸਵੀਰ ਵਿੱਚ ਜਿਸ ਔਰਤ ਨੂੰ ਚੀਨ ਦੀ ਰਾਜਦੂਤ ਹੋਊ ਯਾਂਕੀ (Hou Yanqi) ਦੱਸਿਆ ਜਾ ਰਿਹਾ ਹੈ, ਅਸਲ ਵਿੱਚ ਉਹ ਨਹੀਂ ਹੈ। ਅਸਲ 'ਚ ਜਾਂਚ 'ਚ ਕਿਹਾ ਗਿਆ ਕਿ ਇਹ ਔਰਤ ਦੁਲਹਨ ਦੀ ਦੋਸਤ ਹੈ।
ਇੱਕ ਨੇਪਾਲੀ ਭੂਪੇਨ ਕੁੰਵਰ ਨੇ ਰਾਹੁਲ ਗਾਂਧੀ ਦੇ 2 ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੇ ਸਨ। ਇਸ ਤੋਂ ਬਾਅਦ ਸਿਆਸਤ ਗਰਮਾ ਗਈ। ਇੱਕ ਫੇਸਬੁੱਕ ਪੋਸਟ ਵਿੱਚ, ਭੂਪੇਨ ਕੁੰਵਰ ਨੇ ਲਿਖਿਆ, "ਭਾਰਤੀ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ LOD (ਲਾਰਡ ਆਫ ਦ ਡਰਿੰਕਸ) ਵਿੱਚ।" ਇਹ ਪੱਬ ਨੇਪਾਲ ਦੇ ਕਾਠਮੰਡੂ ਸ਼ਹਿਰ ਵਿੱਚ ਸਥਿਤ ਹੈ। ਇੱਕ ਵੀਡੀਓ ਵਿੱਚ ਰਾਹੁਲ ਗਾਂਧੀ ਆਪਣੇ ਫ਼ੋਨ ਦੀ ਵਰਤੋਂ ਕਰਦੇ ਹੋਏ ਨਜ਼ਰ ਆ ਰਹੇ ਹਨ, ਜਦਕਿ ਦੂਜੇ ਵਿੱਚ ਉਹ ਔਰਤ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ।
ਇਸ ਕਾਰਨ ਇਹ ਵੀਡੀਓ ਵਿਵਾਦਾਂ 'ਚ ਘਿਰ ਗਈ
ਰਾਹੁਲ ਗਾਂਧੀ ਇਸ ਸਮੇਂ ਆਪਣੀ ਦੋਸਤ ਸੁਮਨੀਮਾ ਉਦਾਸ (Sumnima Udas) ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਕਾਠਮੰਡੂ ਵਿੱਚ ਹਨ। ਸੁਮਨੀਮਾ ਮਿਆਂਮਾਰ ਵਿੱਚ ਨੇਪਾਲ ਦੇ ਰਾਜਦੂਤ ਦੀ ਧੀ ਹੈ। ਜਿਸ ਔਰਤ ਨੂੰ ਪੱਬ ਵਿਚ ਹੋਊ ਯਾਂਕੀ (Hou Yanqi) ਕਿਹਾ ਗਿਆ, ਉਸ ਨੂੰ ਹਨੀ ਟ੍ਰੈਪ ਲੇਡੀ (the honey trap lady) ਵਜੋਂ ਜਾਣਿਆ ਜਾਂਦਾ ਹੈ।
ਹਾਉ ਯਾਂਕੀ ਇੱਕ ਚੀਨੀ ਡਿਪਲੋਮੈਟ (diplomat) ਹੈ, ਜੋ 2018 ਤੋਂ ਨੇਪਾਲ ਵਿੱਚ ਰਾਜਦੂਤ (Ambassador to Nepal) ਵਜੋਂ ਸੇਵਾ ਕਰ ਰਹੀ ਹੈ। ਹੋਊ 'ਤੇ ਨੇਪਾਲ ਦੇ ਤਤਕਾਲੀ ਪ੍ਰਧਾਨ ਮੰਤਰੀ (ਹੁਣ ਸਾਬਕਾ) ਕੇਪੀ ਸ਼ਰਮਾ ਓਲੀ 'ਤੇ ਹਨੀ ਟ੍ਰੈਪ 'ਚ ਫਸਾਉਣ ਦਾ ਦੋਸ਼ ਲੱਗਦਾ ਰਿਹਾ ਹੈ। ਭਾਰਤ ਤੇ ਨੇਪਾਲ ਦੇ ਰਿਸ਼ਤਿਆਂ ਵਿੱਚ ਆਈ ਦਰਾਰ ਵਿੱਚ ਵੀ ਇਸ ਔਰਤ ਦੀ ਵੱਡੀ ਭੂਮਿਕਾ ਰਹੀ ਹੈ।