ਚੰਡੀਗੜ੍ਹ: ਕਿਸਾਨ ਅੰਦੋਲਨ ਨੂੰ ਕੌਮੀ ਪੱਧਰ 'ਤੇ ਉਭਾਰਨ ਮਗਰੋਂ ਕਿਸਾਨ ਹੁਣ ਇਸ ਸੰਘਰਸ਼ ਨੂੰ ਕੌਮਾਂਤਰੀ ਰੰਗ ਦੇਣ ਦੀ ਰਣਨੀਤੀ ਬਣ ਰਹੇ ਹਨ। ਉਂਝ ਵੱਖ-ਵੱਖ ਦੇਸ਼ਾਂ ਅੰਦਰ ਰਹਿੰਦੇ ਭਾਰਤੀ ਤੇ ਖਾਸਕਰ ਪੰਜਾਬੀ ਪਹਿਲਾਂ ਹੀ ਇਸ ਸੰਘਰਸ਼ ਵਿੱਚ ਕੁੱਦ ਚੁੱਕੇ ਹਨ। ਹੁਣ ਕਿਸਾਨ ਆਪਣੇ ਵਿਦੇਸ਼ੀ ਹਮਾਇਤੀਆਂ ਦੀ ਸਹਾਇਤਾ ਨਾਲ ਉੱਥੋਂ ਦੀਆਂ ਸਰਕਾਰਾਂ ਰਾਹੀਂ ਭਾਰਤ ਉੱਪਰ ਦਬਾਅ ਬਣਾਉਣ ਦੀ ਰਣਨੀਤੀ ਘੜ ਰਹੇ ਹਨ।

ਇਸ ਨੀਤੀ ਤਹਿਤ ਸਭ ਤੋਂ ਪਹਿਲਾਂ ਅਗਲੇ ਮਹੀਨੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਭਾਰਤ ਆ ਰਹੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਰੋਕਣ ਲਈ ਬਰਤਾਨਵੀ ਸੰਸਦ ਮੈਂਬਰਾਂ ’ਤੇ ਦਬਾਅ ਪਾਇਆ ਜਾਵੇਗਾ। ਕਿਸਾਨਾਂ ਦਾ ਮੰਨਣਾ ਹੈ ਕਿ ਅਜਿਹਾ ਹੋਣ ਨਾਲ ਮੋਦੀ ਸਰਕਾਰ ਉੱਪਰ ਇਖਲਾਕੀ ਦਬਾਅ ਪਏਗਾ।

ਇਸ ਬਾਰੇ ਕਿਸਾਨ ਲੀਡਰ ਕੁਲਵੰਤ ਸੰਧੂ ਨੇ ਕਿਹਾ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦਾ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮਾਂ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ, ਲਿਹਾਜ਼ਾ ਬਰਤਾਨਵੀ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਜਦੋਂ ਤੱਕ ਭਾਰਤ ’ਚ ਖੇਤੀਬਾੜੀ ਕਾਨੂੰਨ ਰੱਦ ਨਹੀਂ ਹੁੰਦੇ, ਉਹ ਜੌਹਨਸਨ ਉਪਰ ਦਬਾਅ ਪਾਉਣ ਕਿ ਉਹ ਭਾਰਤ ਦਾ ਦੌਰਾ ਨਾ ਕਰਨ।

ਇਸ ਬਾਰੇ ਵੀ ਚਰਚਾ ਹੋ ਰਹੀ ਹੈ ਕਿ ਵਿਦੇਸ਼ਾਂ ਵਿੱਚ ਕਿਸਾਨ ਅੰਦੋਲਨ ਦੇ ਹਮਾਇਤੀਆਂ ਰਾਹੀਂ ਉੱਥੋਂ ਦੀਆਂ ਸਰਕਾਰਾਂ ਉੱਪਰ ਦਬਾਅ ਬਣਾਇਆ ਜਾਵੇ। ਅਜਿਹਾ ਕਰਨ ਨਾਲ ਭਾਰਤ ਉੱਪਰ ਦਬਾਅ ਵਧੇਗਾ। ਇਸ ਤੋਂ ਪਹਿਲਾਂ ਕੈਨੇਡਾ, ਅਮਰੀਕਾ ਤੇ ਇੰਗਲੈਂਡ ਤੇ ਆਸਟ੍ਰੇਲੀਆ ਵਿੱਚ ਕਿਸਾਨਾਂ ਦੇ ਹੱਕ ਵਿੱਚ ਵੱਡੇ ਰੋਸ ਮੁਜ਼ਾਹਰੇ ਹੋ ਚੁੱਕੇ ਹਨ। ਹੁਣ ਇਸ ਨੂੰ ਹੋਰ ਤੇਜ਼ ਕਰਨ ਦੀ ਵਿਊਂਤ ਬਣਾਈ ਜਾ ਰੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904