ਮਹਾਂਰਾਸ਼ਟਰ: ਸੂਬੇ ਦੇ ਮਰਾਠਵਾੜਾ ਖੇਤਰ ਵਿੱਚ ਇੱਕ ਪਿੰਡ ਦੇ ਕਿਸਾਨਾਂ ਨੇ ਭਾਰਤੀ ਮੌਸਮ ਵਿਭਾਗ (IMD) ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਹੈ। ਕਿਸਾਨਾਂ ਨੇ ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਹੈ ਕਿ ਬੀਜ ਤੇ ਕੀਟਨਾਸ਼ਕ ਕੰਪਨੀਆਂ ਦੀ ਮਿਲੀਭੁਗਤ ਨਾਲ ਮੌਮਮ ਵਿਭਾਗ ਨੇ ਗਲਤ ਭਵਿੱਖਬਾਣੀ ਕੀਤੀ ਹੈ। ਉਹ ਆਈਐਮਡੀ ਦੀ ਭਵਿੱਖਬਾਣੀ ਦੇ ਆਧਾਰ ’ਤੇ ਖਾਦ ਤੇ ਬੀਜ ਖਰੀਦ ਲੈਂਦੇ ਹਨ ਜਿਸ ਕਾਰਨ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੁੰਦਾ ਹੈ। ਇਹ ਸ਼ਿਕਾਇਤ ਸਵਾਭਿਮਾਨੀ ਫਾਰਮਿੰਗ ਸੰਗਠਨ ਦੇ ਮਰਾਠਵਾੜਾ ਖੇਤਰ ਦੇ ਪ੍ਰਧਾਨ ਮਾਨਿਕ ਕਦਮ ਵੱਲੋਂ ਦਰਜ ਕਰਾਈ ਗਈ ਹੈ। ਸ਼ਿਕਾਇਤ ਮੁਤਾਬਕ ਪੁਣੇ ਤੇ ਮੁੰਬਈ ਵਿੱਚ ਵਿਭਾਗ ਦੇ ਅਧਿਕਾਰੀਆਂ ਨੇ ਕੰਪਨੀਆਂ ਨਾਲ ਮਿਲੀਭੁਗਤ ਕੀਤੀ ਤੇ ਕਿਸਾਨਾਂ ਨੂੰ ਲੱਖਾਂ ਦਾ ਨੁਕਸਾਨ ਪਹੁੰਚਾਇਆ। ਕਿਸਾਨਾਂ ਨੇ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਆਧਾਰ ’ਤੇ ਖੇਤਾਂ ਵਿੱਚ ਬਿਜਾਈ ਕੀਤੀ ਸੀ। ਪਰ ਸ਼ੁਰੂਆਤੀ ਬਾਰਸ਼ ਦੇ ਬਾਅਦ ਫਿਰ ਕੋਈ ਮੀਂਹ ਨਹੀਂ ਪਿਆ ਜਿਸ ਕਾਰਨ ਉਨ੍ਹਾਂ ਦੀ ਬਿਜਾਈ ਖਰਾਬ ਹੋ ਗਈ। ਸ਼ਿਕਾਇਤਕਰਤਾ ਕਦਮ ਨੇ ਕਿਹਾ ਕਿ ਧਾਰਾ 420 ਤਹਿਤ IMD ਨਿਰਦੇਸ਼ਕ ਖਿਲਾਫ ਠੱਗੀ ਦਾ ਮਾਮਲਾ ਦਰਜ ਕਰਾਇਆ ਗਿਆ ਹੈ। ਪਿਛਲੇ ਸਾਲ ਜੂਨ ਵਿੱਚ ਬੀਡ ਜ਼ਿਲ੍ਹੇ ਦੇ ਇੱਕ ਕਿਸਾਨ ਨੇ ਵੀ IMD ਅਧਿਕਾਰੀਆਂ ਖਿਲਾਫ ਇਸੇ ਤਰ੍ਹਾਂ ਮਾਮਲਾ ਦਰਜ ਕਰਾਇਆ ਸੀ। ਉਸ ਨੇ ਕਿਹਾ ਸੀ ਕਿ ਆਈਐਮਡੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਇਹ ਕਹਿੰਦਿਆਂ ਗੁਮਰਾਹ ਕੀਤਾ ਕਿ ਖਰੀਫ ਮੌਸਮ ਦੌਰਾਨ ਕਾਫੀ ਬਾਰਸ਼ ਹੋਏਗੀ। ਆਈਐਮਡੀ ਦੇ ਕਿਸੇ ਅਧਿਕਾਰੀ ਨੇ ਇਸ ਮਾਮਲੇ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ। ਪਿਛਲੇ ਸਾਲ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫਡਣਵੀਸ ਨੇ ਵੀ ਕੇਂਦਰੀ ਵਾਤਾਵਰਨ ਮੰਤਰੀ ਨੂੰ ਚਿੱਠੀ ਲਿਖ ਕੇ ਬਾਰਸ਼ ਦੀ ਗਲਤ ਜਾਣਕਾਰੀ ਦੇਣ ਲਈ ਆਈਐਮਡੀ ਖ਼ਿਲਾਫ਼ ਸ਼ਿਕਾਇਤ ਕੀਤੀ ਸੀ।