ਸਿਰਸਾ: ਬੀਜੇਪੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਤੇ ਰਾਸ਼ਟਰਪਤੀ ਤੋਂ ਪੰਜਾਬ ਸਰਕਾਰ ਬਰਖਾਸਤ ਕਰਨ ਦੀ ਮੰਗ ਕੀਤੀ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਆਦਿੱਤਿਆ ਚੌਟਾਲਾ ਦੀ ਅਗਵਾਈ ਵਿੱਚ ਭਾਜਪਾ ਵਰਕਰਾਂ ਨੇ ਬਰਨਾਲਾ ਰੋਡ ਸਥਿਤ ਹੁੱਡਾ ਚੌਕ ਪਹੁੰਚ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਪੁਤਲਾ ਸਾੜਿਆ। ਨਾਲ ਹੀ ਭਾਜਪਾ ਨੇ ਰਾਸ਼ਟਰਪਤੀ ਲਈ ਮੰਗ ਪੱਤਰ ਵੀ ਸੌਂਪਿਆ।


ਭਾਜਪਾ ਦੇ ਇਸ ਰੋਸ ਦੀ ਜਾਣਕਾਰੀ ਕਿਸਾਨਾਂ ਨੂੰ ਵੀ ਲੱਗ ਗਈ ਤੇ ਕਿਸਾਨ ਵੀ ਹੁੱਡਾ ਚੌਕ ਵੀ ਪਹੁੰਚ ਗਏ। ਇਸ ਮਗਰੋਂ ਕਿਸਾਨਾਂ ਨੇ ਭਾਜਪਾ ਵਰਕਰਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਕਿਸਾਨਾਂ ਨੂੰ ਰੋਕਣ ਲਈ ਕਰੜੀ ਮਿਹਨਤ ਕਰਨੀ ਪਈ। ਕਿਸਾਨਾਂ ਤੇ ਭਾਜਪਾ ਵਰਕਰਾਂ ਵਿੱਚ ਕਿਸੇ ਕਿਸਮ ਦਾ ਟਕਰਾਅ ਨਾ ਹੋਵੇ, ਇਸ ਲਈ ਐਸਡੀਐਮ ਜੈਵੀਰ ਯਾਦਵ ਤੇ ਡੀਐਸਪੀ ਆਰੀਅਨ ਚੌਧਰੀ ਸਮੇਤ ਭਾਰੀ ਪੁਲਿਸ ਫੋਰਸ ਮੌਕੇ 'ਤੇ ਤਾਇਨਾਤ ਰਹੀ।


ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਆਦਿੱਤਿਆ ਚੌਟਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਵਿਧਾਇਕ ‘ਤੇ ਹੋਏ ਹਮਲੇ ਦੀ ਘਟਨਾ ਨਿੰਦਣਯੋਗ ਹੈ। ਕੈਪਟਨ ਅਮਰਿੰਦਰ ਸਰਕਾਰ ਆਪਣੇ ਵਿਧਾਇਕਾਂ ਨੂੰ ਬਚਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕਰਦਿਆਂ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ।


ਕਿਸਾਨਾਂ ਦੇ ਵਿਰੋਧ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਹ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਹੀਂ ਬਲਕਿ ਰਾਜਸੀ ਪਾਰਟੀਆਂ ਦੇ ਏਜੰਟ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਹੁਣ ਪੂਰੀ ਤਰ੍ਹਾਂ ਨਾਲ ਰਾਜਨੀਤਕ ਲਹਿਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪ੍ਰਦਰਸ਼ਨ ਕਰਨਾ ਲੋਕਤੰਤਰ ਲਈ ਘਾਤਕ ਹੈ।


ਦੱਸ ਦਈਏ ਕਿ ਸ਼ਨੀਵਾਰ ਨੂੰ ਪੰਜਾਬ ਦੇ ਅਬੋਹਰ ਹਲਕੇ ਦੇ ਮਲੋਟ 'ਚ ਬੀਜੇਪੀ ਆਗੂ ਅਰੁਣ ਨਾਰੰਗ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਦੇ ਨਾਲ ਹੀ ਕਿਸਾਨਾਂ ਨੇ ਅਰੁਣ ਨਾਰੰਗ ਨਾਲ ਕੁੱਟਮਾਰ ਕੀਤੀ ਤੇ ਉਨ੍ਹਾਂ ਦੇ ਕੱਪੜੇ ਪਾੜ ਕਾਲਖ਼ ਪੋਤੀ ਗਈ। ਇਸ ਘਟਨਾ ਮਗਰੋਂ ਹਰਿਆਣਾ-ਪੰਜਾਬ 'ਚ ਸਿਆਸਤ ਗਰਮਾ ਗਈ। ਇਸ ਦੇ ਨਾਲ ਹੀ ਵੱਖ-ਵੱਖ ਲੋਕਾਂ ਵੱਲੋਂ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ। ਸਿਆਸੀ ਲੋਕ ਇਸ ਘਟਨਾ ਕਰਕੇ ਕੈਪਟਨ ਸਮੇਤ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੇ ਹਨ।


ਇਹ ਵੀ ਪੜ੍ਹੋ: ਆਮ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ, ਤੇਲ ਦੀਆਂ ਕੀਮਤਾਂ 'ਚ 80% ਵਾਧਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904