ਹਰਿਆਣਾ : ਸੂਬੇ ਵਿੱਚ ਕਿਸਾਨਾਂ ਅਤੇ ਖੱਟਰ ਸਰਕਾਰ ਵਿਚਾਲੇ ਤਕਰਾਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹਰਿਆਣਾ ਦੇ ਕਿਸਾਨ, ਸਰਕਾਰ ਤੋਂ ਐਮ.ਐਸ.ਪੀ ਯਾਨੀ ਘੱਟੋ ਘੱਟ ਸਮਰਥਨ ਮੁੱਲ 'ਤੇ ਸੂਰਜਮੁਖੀ ਦੀ ਫਸਲ ਖਰੀਦ ਕਰਨ ਦੀ ਮੰਗ ਕਰ ਰਹੇ ਹਨ। ਜਿਸ ਨੂੰ ਲੈ ਕੇ ਪਹਿਲਾਂ ਵੀ ਧਰਨਾ ਦਿੱਤਾ ਗਿਆ ਤੇ ਬੀਤੇ ਦਿਨ ਵੀ ਹਾਈਵੇਅ ਜਾਮ ਕੀਤਾ ਗਿਆ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਬੀਤੀ ਰਾਤ 10 ਵਜੇ ਤੱਕ ਦਾ ਹਰਿਆਣਾ ਦੀ ਖੱਟਰ ਸਰਕਾਰ ਨੂੰ ਸਮਾਂ ਦਿੱਤਾ ਸੀ ਕਿ ਸਰਕਾਰ ਘੱਟੋ ਘੱਟ ਸਮਰਥਨ ਮੁੱਲ 'ਤੇ ਸੂਰਜਮੁਖੀ ਦੀ ਫਸਲ ਖਰੀਦ ਕਰਨ ਸਬੰਧੀ ਆਪਣੇ ਹੁਕਮ ਜਾਰੀ ਕਰੇ। ਜਿਸ ਤੋਂ ਬਾਅਦ ਸਰਕਾਰ ਵੱਲੋਂ ਤਾਂ ਹਾਲੇ ਤੱਕ ਕੋਈ ਅਜਿਹਾ ਜਵਾਬ ਨਹੀਂ ਆਇਆ ਪਰ ਕੁਰੂਕਸ਼ੇਤਰ ਦੇ ਪਿੱਪਲੀ ਵਿੱਚ ਧਾਰਾ 144 ਲਗਾ ਦਿੱਤੀ ਗਈ। ਪ੍ਰਸ਼ਾਸ਼ਨ ਵੱਲੋਂ ਜਾਰੀ ਹੁਕਮਾਂ ਮੁਤਾਬਕ ਪਿੱਪਲੀ ਦੀ ਦਾਣਾ ਮੰਡੀ ਤੋਂ 2 ਕਿਲੋਮੀਟਰ ਦੇ ਘੇਰੇ ਵਿੱਚ ਧਾਰਾ 144 ਲਗਾਈ ਗਈ ਹੈ। ਇਸ ਦੌਰਾਨ 5 ਤੋਂ ਵੱਧ ਲੋਕਾਂ ਦਾ ਇਕੱਠ ਨਹੀਂ ਕੀਤਾ ਜਾ ਸਕਦਾ, ਕੋਈ ਵੀ ਆਪਣੇ ਨਾਲ ਕਿਸੇ ਵੀ ਤਰ੍ਹਾਂ ਦਾ ਹਥਿਆਰ ਲੈ ਕੇ ਨਹੀਂ ਜਾ ਸਕਦਾ। ਜੇਕਰ ਕੋਈ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਲਾਂਕਿ ਕਿਸਾਨ ਕੁਰੂਕਸ਼ੇਤਰ ਦੇ ਪਿੱਪਲੀ ਵਿੱਚ ਨੈਸ਼ਨਲ ਹਾਈਵੇਅ-44 (ਦਿੱਲੀ-ਜੰਮੂ) 'ਤੇ ਧਰਨਾ ਦੇ ਰਹੇ ਹਨ। ਇਸ ਤੋਂ ਪਹਿਲਾਂ 6 ਜੂਨ ਨੂੰ ਵੀ ਸ਼ਾਹਬਾਦ ਵਿੱਚ ਕਿਸਾਨਾਂ ਨੇ ਦਿੱਲੀ ਜੰਮੂ ਨੈਸ਼ਨਲ ਹਾਈਵੇਅ ਜਾਮ ਕੀਤਾ ਸੀ। ਇਸ ਦੌਰਾਨ ਕਿਸਾਨਾਂ ਨੂੰ ਖਦੇੜਨ ਲਈ ਲਾਠੀਚਾਰਜ ਵੀ ਕੀਤਾ ਗਿਆ ਸੀ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਸੀ। ਇਸ ਧਰਨੇ ਦੀ ਅਗਵਾਈ ਗੁਰਨਾਮ ਸਿੰਘ ਚਡੂਨੀ ਕਰ ਰਹੇ ਸਨ। ਜਿਹਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਤੇ ਹੁਣ ਚਡੂਨੀ ਜੇਲ੍ਹ ਵਿੱਚ ਬੰਦ ਹਨ। ਗੁਰਨਾਮ ਸਿੰਘ ਚਡੂਨੀ ਦੀ ਰਿਹਾਈ ਲਈ ਵੀ ਬੀਤੇ ਦਿਨ ਕਿਸਾਨਾਂ ਨੇ ਮੰਗ ਉਠਾਈ।
ਕੁਰੂਕਸ਼ੇਤਰ ਵਿੱਚ ਸੂਰਜਮੁਖੀ ਕਿਸਾਨਾਂ ਨੂੰ ਸਮਰਥਨ ਦੇਣ ਲਈ ਰਾਕੇਸ਼ ਟਿਕੈਤ ਅਤੇ ਪਹਿਲਵਾਨ ਬਜਰੰਗ ਪੁਨੀਆ ਵੀ ਪਹੁੰਚੇ ਸਨ, ਇਸ ਦੌਰਾਨ ਬਜਰੰਗ ਪੁਨੀਆ ਨੇ ਕਿਹਾ ਕਿ ਅਸੀਂ ਇੱਥੇ ਕਿਸਾਨਾਂ ਦੇ ਸਮਰਥਨ ਲਈ ਆਏ ਹਾਂ। ਇੱਥੋਂ ਤੱਕ ਕਿ ਅਸੀਂ ਕਿਸਾਨ ਪਰਿਵਾਰਾਂ ਵਿਚੋਂ ਆਉਂਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸੜਕਾਂ ’ਤੇ ਖੜ੍ਹੇ ਕਿਸਾਨਾਂ ਦੇ ਨਾਲ ਖੜੇ ਹਾਂ। ਕਿਸਾਨ ਅੰਦੋਲਨ ਦੌਰਾਨ ਵੀ ਅਸੀਂ ਕਿਸਾਨਾਂ ਦਾ ਸਮਰਥਨ ਕੀਤਾ ਹੈ ਅਤੇ ਅਸੀਂ ਉਨ੍ਹਾਂ ਦਾ ਸਮਰਥਨ ਕਰਦੇ ਰਹਾਂਗੇ।