ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਕਿਸਾਨਾਂ ਨੇ ਦਿੱਲੀ ਦੇ ਸਾਰੇ ਬਾਰਡਰ ਬੰਦ ਕੀਤੇ ਹਨ। ਸਿੰਘੂ ਬਾਰਡਰ ਤੇ ਬੀਤੇ ਰਾਤ ਪੰਜਾਬ ਤੋਂ ਕੁਝ ਘੋੜੇ ਪਹੁੰਚੇ ਹਨ। ਇਹ ਘੋੜੇ ਟਰੱਕਾਂ 'ਚ ਲੱਧ ਕੇ ਪਹੁੰਚਾਏ ਗਏ ਹਨ। ਕਰੀਬ 40-50 ਘੋੜੇ ਲਿਆਂਦੇ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਲੋੜ ਪਈ ਤਾਂ ਹੋਰ ਘੋੜੇ ਮੰਗਵਾਏ ਜਾਣਗੇ। ਘੋੜਿਆਂ ਦੇ ਨਾਲ-ਨਾਲ ਕੁਝ ਹੋਰ ਲੋਕ ਵੀ ਦਿੱਲੀ ਪਹੁੰਚੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ ਉਨ੍ਹਾਂ ਨੂੰ ਦਿੱਲੀ ਅੰਦਰ ਨਹੀਂ ਜਾਣ ਦੇ ਰਹੀ। ਚਾਰੇ ਪਾਸੇ ਬੈਰੀਕੇਡ ਲੱਗੇ ਹਨ। ਉਨ੍ਹਾਂ ਕਿਹਾ ਜੇ ਲੋੜ ਪਈ ਤਾਂ ਘੋੜਿਆਂ ਦੀ ਮਦਦ ਨਾਲ ਬੈਰੀਕੇਡ ਲੰਘਾਂਗੇ। ਕਿਸਾਨਾਂ ਨੇ ਇਹ ਵੀ ਸਾਫ ਕੀਤਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਦਿੱਲੀ ਜ਼ਰੂਰ ਜਾਣਗੇ।

ਦਿੱਲੀ ਪਹੁੰਚਣ ਦਾ ਕਿਸਾਨਾਂ ਦਾ ਸਿਲਸਿਲਾ ਜਾਰੀ ਹੈ। ਕਈ ਕਿਲੋਮੀਟਰ ਦੂਰ ਤੱਕ ਟਰੈਕਟਰ ਟਰਾਲੀਆਂ ਦੀ ਲੰਬੀ ਲਾਈਨ ਲੱਗੀ ਹੋਈ ਹੈ। ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ-ਯੂਪੀ ਬਾਰਡਰ ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਡਟੇ ਰਹਿਣਗੇ।