ਚੰਡੀਗੜ੍ਹ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਵੱਖ-ਵੱਖ ਮੋਰਚਿਆਂ 'ਤੇ ਡਟੇ ਕਿਸਾਨਾਂ ਨੂੰ 28 ਦਿਨ ਹੋ ਗਏ ਹਨ। ਅਜਿਹੇ 'ਚ ਅਜੇ ਵੀ ਕੇਂਦਰ ਤੇ ਕਿਸਾਨਾਂ ਵਿਚਾਲੇ ਕੋਈ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ। ਕਿਸਾਨ ਲੀਡਰਾਂ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਇਹ ਜਾਣ ਲਵੇ ਕਿ ਅਸੀਂ ਸੋਧ ਚਾਹੁੰਦੇ ਹੀ ਨਹੀਂ, ਵਿਦੇਸ਼ਾਂ 'ਚ ਇਨ੍ਹਾਂ ਕਾਨੂੰਨਾਂ ਦੇ ਬੁਰੇ ਪ੍ਰਭਾਵ ਸਾਹਮਣੇ ਆਏ ਹਨ। ਇਸ ਲਈ ਤਿੰਨੇ ਖੇਤੀ ਕਾਨੂੰਨ ਵਾਪਸ ਲਏ ਜਾਣ। ਉਨ੍ਹਾਂ ਕਿਹਾ ਸਰਕਾਰ ਨੂੰ ਖੁੱਲ੍ਹਾ ਮਾਹੌਲ ਬਣਾਉਣਾ ਚਾਹੀਦਾ ਹੈ ਤਾਂ ਹੀ ਗੱਲਬਾਤ ਹੋ ਸਕੇਗੀ।


ਕਿਸਾਨ ਲੀਡਰ ਹਨਨ ਮੌਲਾ ਨੇ ਕਿਹਾ 'ਸਰਕਾਰ ਇਹ ਦਿਖਾਉਣਾ ਚਾਹੁੰਦੀ ਹੈ ਕਿ ਕਿਸਾਨ ਅੜੇ ਹੋਏ ਹਨ ਤੇ ਸਰਕਾਰ ਗੱਲ ਕਰਨ ਦੇ ਪੱਖ 'ਚ ਹੈ ਪਰ ਸਰਕਾਰ ਧੋਖਾ ਦੇ ਰਹੀ ਹੈ। ਸਰਕਾਰ ਨੂੰ ਲੱਗਦਾ ਹੈ ਕਿ ਠੰਡ 'ਚ ਮਸਲਾ ਲਟਕੇਗਾ ਤਾਂ ਕਿਸਾਨ ਤੰਗ ਆਕੇ ਟੁੱਟ ਜਾਵੇਗਾ ਪਰ ਕਿਸਾਨ ਇੱਥੇ ਟੁੱਟਣ ਲਈ ਠੰਡ 'ਚ ਨਹੀਂ ਬੈਠਾ। ਕਿਸਾਨ ਅੰਬਾਨੀ ਤੇ ਅਡਾਨੀ ਦੇ ਬਿਜ਼ਨੈਸ ਦੇ ਵਿਰੋਧ 'ਚ ਦੇਸ਼ ਭਰ 'ਚ ਕੈਂਪੇਨ ਚਲਾਉਣਗੇ।


ਸੰਯੁਕਤ ਕਿਸਾਨ ਮੋਰਚਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਗਿਆ ਕਿ ਸਰਕਾਰ ਐਮਐਸਪੀ 'ਤੇ ਵਾਅਦਾ ਖਿਲਾਫੀ ਕਰ ਰਹੀ ਹੈ। MSP ਦੀ ਗਾਰੰਟੀ ਦੇ ਰਹੇ ਹਨ ਪਰ MSP ਸਾਰੀਆਂ ਫਸਲਾਂ 'ਤੇ ਮਿਲ ਕਿੱਥੇ ਰਹੀ ਹੈ? ਕਿਸਾਨਾਂ ਨੂੰ ਸਨਮਾਨ ਨਿਧੀ ਦਿੱਤੀ ਗਈ ਪਰ ਸਾਡੇ ਤੋਂ 10 ਹਜ਼ਾਰ ਲੈਕੇ 6 ਹਜ਼ਾਰ ਦੇ ਰਹੇ ਹਨ ਇਹ ਅੱਖ ਪਾੜ ਕੇ ਚਸ਼ਮਾ ਦਾਨ ਦੇਣ ਵਾਲੀ ਗੱਲ ਹੈ।


ਗੁਰਨਾਮ ਸਿੰਘ ਚਡੂਨੀ ਨੇ ਕਿਹਾ ਜਦੋਂ ਕਿਸਾਨ ਖੇਤੀ ਕਾਨੂੰਨ ਚਾਹੁੰਦੇ ਹੀ ਨਹੀਂ ਤਾਂ ਸਰਕਾਰ ਜ਼ਬਰਦਸਤੀ ਕਿਉਂ ਕਰ ਰਹੀ ਹੈ? ਸਾਨੂੰ ਗੁੰਮਰਾਹ ਦੱਸ ਕੇ ਤੁਸੀਂ MSP ਦੀ ਗੱਲ ਕਰ ਰਹੇ ਹੋ ਪਰ ਕੀ ਦੇਸ਼ ਦੀਆਂ 23 ਫਸਲਾਂ ਨੂੰ MSP 'ਤੇ ਖਰੀਦਣ ਦਾ ਲਿਖਤੀ ਭਰੋਸਾ ਸਰਕਾਰ ਦੇਵੇਗੀ। ਪੀਐਮ ਮੋਦੀ 'ਮਨ ਕੀ ਬਾਤ' 'ਚ 27 ਤਾਰੀਖ ਨੂੰ ਇਹ ਕਹਿਣ ਕਿ ਸਰਕਾਰ ਸਾਰੀਆਂ ਫਸਲਾਂ 'ਤੇ 100 ਫੀਸਦ MSP 'ਤੇ ਖਰੀਦੇਗੀ ਇਸ ਦੀ ਮੈਂ ਗਾਰੰਟੀ ਦਿੰਦਾ ਹਾਂ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ