ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਜਾਰੀ ਹੈ।ਅੱਜ ਦਿੱਲੀ ਪਹੁੰਚੇ ਕਿਸਾਨਾਂ ਦੀ ਮੀਟਿੰਗ ਵੀ ਹੋਈ, ਜਿਸ ਵਿੱਚ ਅਗਲੀ ਰਣਨੀਤੀ ਤੈਅ ਕੀਤੀ ਗਈ। ਇਸ ਤੋਂ ਪਹਿਲਾਂ ਸ਼ੁੱਕਰਵਾਰ-ਸ਼ਨੀਵਾਰ ਰਾਤ ਨੂੰ ਹਜ਼ਾਰਾਂ ਕਿਸਾਨ ਹਰਿਆਣਾ-ਦਿੱਲੀ ਸਿੰਘੂ ਬਾਡਰ 'ਤੋਂ ਲੰਘੇ ਸੀ। ਬਾਡਰ ਤੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸੀ। ਬੁਰਾੜੀ ਦੇ ਨਿਰੰਕਾਰੀ ਗਰਾਉਂਡ 'ਚ ਸ਼ਾਂਤਮਈ ਪ੍ਰਦਰਸ਼ਨ ਲਈ ਦਿੱਲੀ ਸਰਕਾਰ ਤੋਂ ਇਜਾਜ਼ਤ ਮਿਲਣ ਤੋਂ ਬਾਅਦ, ਕਿਸਾਨਾਂ ਦਾ ਇੱਕ ਨਵਾਂ ਜੱਥਾ ਵੀ ਪੰਜਾਬ ਅਤੇ ਹਰਿਆਣਾ ਤੋਂ ਰਵਾਨਾ ਹੋ ਗਿਆ ਹੈ। ਬੁਰਾੜੀ ਗਰਾਉਂਡ ਵਿਖੇ ਕਿਸਾਨਾਂ ਲਈ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਖੇਤੀ ਕਾਨੂੰਨ ਖਿਲਾਫ ਚੱਲ ਰਹੇ ਇਸ ਰੋਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਖੁੱਲ੍ਹ ਦਿਲੀ ਵੀ ਦਿਖਾਈ ਹੈ। ਕਿਸਾਨਾਂ ਨੇ ਟਿਕਰੀ ਬਾਰਡਰ 'ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਫੱਸੀ ਐਂਬੂਲੈਂਸ ਨੂੰ ਉੱਥੋਂ ਨਿਕਲਣ ਵਿੱਚ ਸਹਾਇਤਾ ਕੀਤੀ। ਤੁਹਾਨੂੰ ਦੱਸ ਦੇਈਏ ਕਿ ਇਹ ਐਂਬੂਲੈਂਸ ਪ੍ਰਦਰਸ਼ਨਕਾਰੀਆਂ ਦੇ ਵਿੱਚ ਟਿਕਰੀ ਬਾਰਡਰ 'ਤੇ ਫਸ ਗਈ ਸੀ, ਕਿਸਾਨਾਂ ਨੇ ਐਂਬੂਲੈਂਸ ਦਾ ਰਸਤਾ ਬਣਾਉਣ ਲਈ ਬੈਰੀਕੇਡ ਨੂੰ ਤੁਰੰਤ ਹਟਾਇਆ ਅਤੇ ਅੱਗੇ ਜਾਣ ਦਿੱਤਾ।