ਜੀਂਦ: ਜੀਂਦ 'ਚ ਕਿਸਾਨਾਂ ਨੇ ਬੀਜੇਪੀ ਤੇ ਜੇਜੇਪੀ ਦੇ ਲੀਡਰਾਂ ਦਾ ਦਾਖਲਾ ਰੋਕਣ ਲਈ ਪੂਰੀ ਕਿਲ੍ਹੇਬੰਦੀ ਕਰ ਲਈ ਹੈ। ਹੁਣ ਇਨ੍ਹਾਂ ਦੋਵਾਂ ਪਾਰਟੀਆਂ ਦਾ ਕੋਈ ਵੀ ਲੀਡਰ ਨਾ ਰੋਡ ਰਾਹੀਂ ਤੇ ਨਾ ਹੀ ਹੈਲੀਕੌਪਟਰ ਰਾਹੀਂ ਐਂਟਰੀ ਕਰ ਸਕੇਗਾ। ਕਿਸਾਨਾਂ ਨੇ ਰੋਡ ਰਾਹੀਂ ਲੀਡਰਾਂ ਨੂੰ ਰੋਕਣ ਲਈ ਜੀਂਦ 'ਚ ਚਾਰੇ ਪਾਸੇ ਜਾਣ ਵਾਲੇ 10 ਰਾਹਾਂ ਦੀ ਨਿਸ਼ਾਨਦੇਹੀ ਕੀਤੀ ਹੈ।


ਕਿਸਾਨਾਂ ਨੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸਮੇਤ ਸਾਰੇ ਲੀਡਰਾਂ ਨੂੰ ਖੁੱਲ੍ਹਾ ਚੈਲੰਜ ਦਿੱਤਾ ਹੈ ਕਿ ਹਿੰਮਤ ਹੈ ਤਾਂ ਇੱਥੇ ਪੈਰ ਰੱਖ ਕੇ ਦਿਖਾਉ। ਜੀਂਦ ਦੇ ਖਟਕੜ ਟੋਲ ਪਲਾਜ਼ਾ 'ਤੇ ਚੱਲ ਰਹੇ ਧਰਨੇ 'ਚ ਕਿਸਾਨਾਂ ਨੇ ਇਹ ਰਣਨੀਤੀ ਬਣਾਈ ਹੈ। ਰਣਨੀਤੀ ਤਹਿਤ ਕਿਸਾਨਾਂ ਨੂੰ ਜਿਵੇਂ ਹੀ ਕਿਸੇ ਲੀਡਰ ਜਾਂ ਮੰਤਰੀ ਦੇ ਆਉਣ ਦੀ ਸੂਚਨਾ ਮਿਲੇਗੀ ਸਾਰੇ ਪਹਿਲਾਂ ਤੋਂ ਨਿਰਧਾਰਤ 10 ਪਿੰਡਾ ਨੂੰ ਤੁਰੰਤ ਸੂਚਨਾ ਪਹੁੰਚਾ ਦਿੱਤੀ ਜਾਵੇਗੀ।  ਸੂਚਨਾ ਮਿਲਦੇ ਹੀ ਇਨ੍ਹਾਂ ਪਿੰਡਾਂ ਦੇ ਲੋਕ ਆਪਣੇ ਆਪਣੇ ਪਿੰਡ ਦੇ ਮੇਨ ਰੋਡ 'ਤੇ ਆਕੇ ਧਰਨੇ 'ਤੇ ਬਹਿ ਜਾਣਗੇ ਤੇ ਲੀਡਰਾਂ ਨੂੰ ਜੀਂਦ 'ਚ ਦਾਖਲ ਨਹੀਂ ਹੋਣ ਦੇਣਗੇ।


ਅਜਿਹੇ 'ਚ ਕੋਈ ਵੀ ਪਿੰਡ 'ਚ ਦਾਖਲ ਨਹੀਂ ਹੋ ਸਕੇਗਾ। ਜੇਕਰ ਕੋਈ ਲੀਡਰ ਹੈਲੀਕੌਪਟਰ ਰਾਹੀਂ ਆਉਣਾ ਚਾਹੇਗਾ ਤਾਂ ਉਸ ਲਈ ਹੈਲੀਪੈਡ ਪੁੱਟ ਦਿੱਤਾ ਜਾਵੇਗਾ। ਇਸ ਤਰ੍ਹਾਂ ਬੀਜੇਪੀ ਤੇ ਜੇਜੇਪੀ ਦੇ ਕਿਸੇ ਵੀ ਲੀਡਰ ਨੂੰ ਇੱਥੇ ਆਉਣ ਨਹੀਂ ਦਿੱਤਾ ਜਾਵੇਗਾ।


ਕਿਸਾਨ ਅੰਦੋਲਨ ਦੇ ਚੱਲਦਿਆਂ ਇਕ ਵਾਰ ਤਾਂ ਕਿਸਾਨਾਂ ਨੇ ਦੁਸ਼ਿਅੰਤ ਚੌਟਾਲਾ ਦਾ ਹੈਲੀਪੈਡ ਪੱਟ ਦਿੱਤਾ ਸੀ। ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ ਸੀ। ਕੱਲ੍ਹ ਵੀ ਵਿਰੋਧ ਦੇ ਚੱਲਦਿਆਂ ਉਪ ਮੁੱਖ ਮੰਤਰੀ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ ਸੀ।


ਕਿਸਾਨਾਂ ਦਾ ਕਹਿਣਾ ਹੈ ਕਿ ਇਹ ਲੀਡਰ ਲੋਕਾਂ ਨੂੰ ਅਸੁਵਿਧਾ ਦੇਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕੋਰੋਨਾ ਕਾਲ 'ਚ ਵੀ ਜੀਂਦ ਦੇ ਖਟਕੜ ਟੋਲ ਪਲਾਜ਼ਾ 'ਤੇ ਕਿਸਾਨਾਂ ਦਾ ਧਰਨਾ ਜਿਉਂ ਦਾ ਤਿਉਂ ਚੱਲ ਰਿਹਾ ਹੈ। ਅੱਜ ਵੀ ਸੈਂਕੜੇ ਕਿਸਾਨ ਇੱਥੇ ਧਰਨੇ 'ਤੇ ਮੌਜੂਦ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904