ਸਿਰਸਾ: ਏਲਨਾਬਾਦ ਦੇ ਪਿੰਡ ਪੋਹੜਕਾ ਵਿੱਚ ਜੇਜੇਪੀ ਦੇ ਸਟਾਰ ਪ੍ਰਚਾਰਕ ਅਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੱਲੋਂ ਉਮੀਦਵਾਰ ਗੋਵਿੰਦ ਕਾਂਡਾ ਦੇ ਚੋਣ ਪ੍ਰਚਾਰ ਵਿੱਚ ਕਿਸਾਨਾਂ ਵੱਲੋਂ ਕਾਲੇ ਝੰਡੇ ਦਿਖਾ ਕੇ ਜ਼ੋਰਦਾਰ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਨਾਅਰੇਬਾਜ਼ੀ ਵੀ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਤਿੰਨਾਂ ਖੇਤੀ ਕਾਨੂੰਨ ਵਾਪਸ ਨਹੀਂ ਕਰਦੇ ਕਿਸਾਨ ਭਾਜਪਾ ਅਤੇ ਜੇਜੇਪੀ ਦਾ ਵਿਰੋਧ ਲਗਾਤਾਰ ਜਾਰੀ ਰੱਖਣਗੇ। 


ਅੱਜ ਦੁਸ਼ਯੰਤ ਚੌਟਾਲਾ ਦੇ ਏਲਨਾਬਾਦ ਵਿੱਚ ਉਮੀਦਵਾਰ ਗੋਬਿੰਦ ਦਾ ਪਾਰਟੀ ਪ੍ਰਚਾਰ ਕਰਨ ਦੀ ਖਬਰ ਮਿਲੀ ਸੀ।ਜਿਸ ਮਗਰੋਂ ਕਿਸਾਨ ਵਿਰੋਧ ਕਰਨ ਲਈ ਪ੍ਰੋਗਰਾਮ ਸਥਾਨ 'ਤੇ ਪਹੁੰਚ ਗਏ ਅਤੇ ਵਿਰੋਧ ਸ਼ੁਰੂ ਕਰ ਦਿੱਤਾ। ਪਰ ਸਖ਼ਤ ਸੁਰੱਖਿਆ ਵਿਵਸਥਾ ਵਿਚਕਾਰ ਦੁਸ਼ਯੰਤ ਚੌਟਾਲਾ ਨੇ ਪ੍ਰਚਾਰ ਕੀਤਾ ਅਤੇ ਜਨ ਸਭਾ ਨੂੰ ਸੰਬੋਧਿਤ ਕਰ ਅਗਲੇ ਪ੍ਰੋਗਰਾਮ ਲਈ ਰਵਾਨਾ ਹੋ ਗਏ।


ਕਿਸਾਨ ਨੇਤਾ ਸ਼ਕਿੰਦਰ ਰੋੜੀ ਦਾ ਕਹਿਣਾ ਹੈ ਕਿ ਕਿ ਦੁਸ਼ਯੰਤ ਚੌਟਾਲਾ ਜੋ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦਾ ਹੈ ਉਨ੍ਹਾਂ ਦੇ ਪੜਦਾਦਾ ਦੇਵੀਲਾਲ ਕਿਸਾਨਾਂ ਲਈ ਉਮਰ ਭਰ ਸੰਘਰਸ਼ ਕਰਦੇ ਰਹੇ ਪਰ ਅੱਜ ਉਨ੍ਹਾਂ ਦਾ ਪੜਪੋਤਾ ਬੀਜੇਪੀ ਦੀ ਗੋਦੀ ਬੈਠਾ ਹੈ। ਸ਼ਕਿੰਦਰ ਰੋੜੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਚੱਲਦੇ 700 ਕਿਸਾਨ  ਸ਼ਹੀਦ ਹੋ ਗਏ। ਹੁਣ ਕਿਸਾਨ ਏਲਨਾਬਾਦ ਚੋਣਾਂ ਵਿੱਚ ਉਮੀਦਵਾਰਾਂ ਦੀ ਜਮਨਤ ਜਪਤ ਕਰਾਉਣ ਦਾ ਕੰਮ ਕਰਨਗੇ ਅਤੇ ਦੁਸ਼ਯੰਤ ਚੌਟਾਲਾ ਅੱਜ ਜਿਸ ਥਾਂ ਵੀ ਜਾਣਗੇ ਉਨ੍ਹਾਂ ਦਾ ਵਿਰੋਧੀ ਕੀਤਾ ਜਾਏਗਾ।


ਇਸ ਦੌਰਾਨ ਇੱਕ ਹੋਰ ਕਿਸਾਨ ਨੇ ਕਿਹਾ ਕਿ ਬੀਜੇਪੀ ਸਰਕਾਰ ਨੇ ਕਿਸਾਨ ਅਤੇ ਜਵਾਨ ਨੂੰ ਆਹਮਣੇ-ਸਹਮਣੇ ਕਰਨ ਦਾ ਕੰਮ ਕੀਤਾ ਹੈ ਅਤੇ ਲਗਾਤਾਰ ਕਿਸਾਨ ਵੀਰਾਂ ‘ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ। ਵੀਰੇਂਦਰ ਸਿੰਘ ਨੇ ਕਿਹਾ ਕਿ ਜਾਤੀ ਧਰਮ ਦੇ ਨਾਮ ‘ਤੇ ਇਹ ਸਭ ਕੀਤਾ ਜਾ ਰਿਹਾ ਹੈ। ਵਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ 11 ਮਹੀਨਿਆਂ ਤੋਂ ਕਿਸਾਨ ਸਰਹੱਦ 'ਤੇ ਬੈਠਾ ਹੈ, ਪਰ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ, ਅੱਜ ਜਵਾਨ ਅਤੇ ਕਿਸਾਨ ਪਰੇਸ਼ਾਨ ਹਨ, ਜੇਕਰ ਕੋਈ ਖੁਸ਼ ਹੈ ਤਾਂ ਸਿਰਫ਼ ਕੁਰਸੀ ਵਾਲੇ। ਵਰਿੰਦਰ ਸਿੰਘ ਨੇ ਕਿਹਾ ਕਿ ਜੇਜੇਪੀ-ਭਾਜਪਾ ਦਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਤਿੰਨੋਂ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਚਾਹੇ ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ।