Farmers Protest: ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਨੇ ਜੰਗੀ ਪੱਧਰ ਉੱਪਰ ਤਿਆਰੀਆਂ ਕੀਤੀਆਂ ਹਨ। ਸੋਸ਼ਲ ਮੀਡੀਆ ਉਪਰ ਤਿੱਖੇ ਕਿੱਲਾਂ ਤੇ ਕੰਡਿਆਲੀਆਂ ਤਾਰਾਂ ਦੀਆਂ ਵੀਡੀਓ ਵਾਇਰਲ ਹੋਣ ਮਗਰੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਜਿਹੀ ਸਖਤੀ ਦਾ ਕਾਰਨ ਦੱਸਿਆ ਹੈ। 


ਸੀਐਮ ਖੱਟਰ ਨੇ ਕਿਹਾ ਹੈ ਕਿ ਜੇ ਕਿਸਾਨ ਟਰੈਕਟਰਾਂ 'ਤੇ ਹਥਿਆਰ ਬੰਨ੍ਹ ਲੈ ਕੇ ਜਾਣ ਹਨ ਤਾਂ ਉਨ੍ਹਾਂ ਨੂੰ ਕਿਉਂ ਨਾ ਰੋਕੀਏ। ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ 13 ਫਰਵਰੀ ਤੱਕ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ।


ਸੀਐਮ ਖੱਟਰ ਨੇ ਕਿਸਾਨਾਂ ਦੇ ਦਿੱਲੀ ਮਾਰਚ 'ਤੇ ਕਿਹਾ ਕਿ ਦਿੱਲੀ ਜਾਣ ਤੋਂ ਕੋਈ ਨਹੀਂ ਰੋਕ ਰਿਹਾ। ਦਿੱਲੀ ਜਾਣ ਲਈ ਬਹੁਤ ਸਾਰੀਆਂ ਬੱਸਾਂ ਤੇ ਰੇਲ ਗੱਡੀਆਂ ਹਨ। ਟਰੈਕਟਰ ਲੈ ਕੇ ਜਾਓਗੇ, ਅੱਗੇ ਹਥਿਆਰ ਬੰਨ੍ਹ ਕੇ ਜਾਓਗੇ ਤਾਂ ਰੋਕਿਆ ਹੀ ਜਾਏਗਾ। ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਦੀ ਲੋੜ ਹੈ। ਪ੍ਰਦਰਸ਼ਨ ਲੋਕਤੰਤਰ ਵਿੱਚ ਤੈਅ ਮਾਪਦੰਡਾਂ ਅਨੁਸਾਰ ਹੋਣਾ ਚਾਹੀਦਾ ਹੈ। ਅਸੀਂ ਪਿਛਲੇ ਅਨੁਭਵ ਨੂੰ ਜਾਣਦੇ ਹਾਂ।



ਉਧਰ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੇ ਕਿਸਾਨ ਜਥੇਬੰਦੀਆਂ 13 ਫਰਵਰੀ ਨੂੰ ਦਿੱਲੀ ਵੱਲ ਕਿਸਾਨਾਂ ਦੇ ਮਾਰਚ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਈਆਂ ਹਨ। ਕਿਸਾਨ ਆਗੂਆਂ ਨੇ ਹਰਿਆਣਾ ਸਰਕਾਰ ਵੱਲੋਂ ਸਰਹੱਦ ’ਤੇ ਕੀਤੀ ਜਾ ਰਹੀ ਬੈਰੀਕੇਡਿਗ ਤੇ ਇੰਟਰਨੈੱਟ ਬੰਦ ਕਰਨ ’ਤੇ ਸਵਾਲ ਉਠਾਏ ਹਨ।


ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇੱਕ ਪਾਸੇ ਗੱਲਬਾਤ ਦੀ ਪੇਸ਼ਕਸ਼ ਕਰਕੇ ਹਰਿਆਣਾ ਦੇ ਹਾਲਾਤ ਕਿਉਂ ਖਰਾਬ ਕੀਤੇ ਜਾ ਰਹੇ ਹਨ। ਪਹਿਲਾਂ ਹੀ ਬੈਰੀਕੇਡਿੰਗ ਕਿਉਂ ਕੀਤੀ ਜਾ ਰਹੀ ਹੈ? ਜੇਕਰ ਕਿਸਾਨਾਂ ਦੇ ਮਸਲਿਆਂ ਦਾ ਗੱਲਬਾਤ ਨਾਲ ਕੋਈ ਹੱਲ ਨਾ ਹੋਇਆ ਤਾਂ ਹੀ ਬੈਰੀਕੇਡਿੰਗ ਕਰਨੀ ਚਾਹੀਦੀ ਹੈ। ਇੰਟਰਨੈੱਟ ਬੰਦ ਕਰਕੇ ਲੋਕਾਂ ਨੂੰ ਕਿਉਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ?


ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਸਰਕਾਰ ਖੁਦ ਕਿਸਾਨਾਂ ਨੂੰ ਭੜਕਾ ਕੇ ਮਾਹੌਲ ਟਕਰਾਅ ਵਾਲਾ ਬਣਾ ਕੇ ਗੱਲਬਾਤ ਤੋਂ ਭੱਜਣਾ ਚਾਹੁੰਦੀ ਹੈ। ਜੇਕਰ ਹਾਲਾਤ ਇਸ ਤਰ੍ਹਾਂ ਦੇ ਬਣਦੇ ਹਨ ਤੇ ਵਿਗੜਦੇ ਹਨ ਤਾਂ ਇਸ ਦੀ ਜ਼ਿੰਮੇਵਾਰ ਖੱਟਰ ਸਰਕਾਰ ਹੋਵੇਗੀ।