ਨਵੀਂ ਦਿੱਲ਼ੀ: ਭਾਰਤ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ (agriculture laws) ਵਿਰੁੱਧ ਕਿਸਾਨ ਜਥੇਬੰਦੀਆਂ ਲਗਪਗ ਡੇਢ ਮਹੀਨੇ ਤੋਂ ਦਿੱਲੀ ਦੇ ਬਾਰਡਰ ਉੱਤੇ ਅੰਦੋਲਨ ਕਰ ਰਹੀਆਂ ਹਨ। ਕਿਸਾਨਾਂ ਦੀ ਵੱਡੀ ਨਾਰਾਜ਼ਗੀ ਭਾਵੇਂ ਹਰਿਆਣਾ (Haryana) ਤੇ ਪੰਜਾਬ (Punjab) ਵਿੱਚ ਵੇਖਣ ਨੂੰ ਮਿਲ ਰਹੀ ਹੈ ਪਰ ਯੂਪੀ ਦੇ ਕਿਸਾਨਾਂ ਵਿੱਚ ਵੀ ਗੁੱਸਾ ਘੱਟ ਨਹੀਂ। ਇਸ ਕਰਕੇ ਬੀਜੇਪੀ ਸਰਕਾਰ ਕੰਬਣ ਲੱਗੀ ਹੈ। ਯੋਗੀ ਸਰਕਾਰ ਕਿਸਾਨਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਇੱਕ ਤੋਂ ਬਾਅਦ ਇੱਕ ਕਦਮ ਚੁੱਕਣ ਲੱਗੀ ਹੈ।


ਦਰਅਸਲ ਉੱਤਰ ਪ੍ਰਦੇਸ਼ ਬੀਜੇਪੀ ਦਾ ਗੜ੍ਹ ਹੈ। ਇਸ ਲਈ ਯੂਪੀ ਦੇ ਕਿਸਾਨਾਂ ਦਾ ਗੁੱਸਾ ਬੀਜੇਪੀ ਨੂੰ ਡਰਾਉਣ ਲੱਗਾ ਹੈ। ਉੱਤਰ ਪ੍ਰਦੇਸ਼ ਦੀ ਸਿਆਸਤ ’ਚ ਕਿਸਾਨ ਕਿੰਗ ਮੇਕਰ ਦੀ ਭੂਮਿਕਾ ’ਚ ਹੈ। ਸੂਬੇ ਦੀਆਂ ਲਗਪਗ 300 ਵਿਧਾਨ ਸਭਾ ਸੀਟਾਂ ਦਿਹਾਤੀ ਇਲਾਕਿਆਂ ਦੀਆਂ ਹਨ। ਖ਼ਾਸ ਤੌਰ ਉੱਤੇ ਪੱਛਮੀ ਯੂਪੀ ’ਚ ਤਾਂ ਕਿਸਾਨ ਸਿਆਸਤ ਦੀ ਦਸ਼ਾ ਤੇ ਦਿਸ਼ਾ ਤੈਅ ਕਰਦੇ ਹਨ। ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਅੰਦਰ ਗੁੱਸਾ ਵਧਦਾ ਜਾ ਰਿਹਾ ਹੈ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੋਈ ਜ਼ਿਆਦਾ ਸਮਾਂ ਨਹੀਂ ਰਹਿ ਗਿਆ ਹੈ।


ਇਸ ਲਈ ਬੀਜੇਪੀ ਹਰਕਤ ਵਿੱਚ ਆਈ ਹੈ। ਇਸ ਤਹਿਤ ਕਿਸਾਨ ਸੰਮੇਲਨਾਂ ਰਾਹੀਂ ਖੇਤੀ ਕਾਨੂੰਨਾਂ ਬਾਰੇ ਫੈਲੇ 'ਭਰਮ' ਦੂਰ ਕਰਨ ਦੇ ਨਾਲ-ਨਾਲ ਸੱਥਾਂ ਲਾ ਕੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਫ਼ਾਇਦੇ ਗਿਣਾਉਣ ਤੋਂ ਬਾਅਦ ਸਰਕਾਰ ਹੁਣ ‘ਕਿਸਾਨ ਕਲਿਆਣ ਮਿਸ਼ਨ’ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਯੋਗੀ ਸਰਕਾਰ ਇਸ ਮਿਸ਼ਨ ਰਾਹੀਂ ਕਿਸਾਨਾਂ ਦੀ ਭਲਾਈ ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਮੁਹਿੰਮ ਸ਼ੁਰੂ ਕਰ ਰਹੀ ਹੈ।


ਪੰਚਾਇਤ ਚੋਣਾਂ ਵੀ ਸਿਰ ’ਤੇ ਹਨ। ਅਜਿਹੇ ਹਾਲਾਤ ਵਿੱਚ ਕਿਸਾਨ ਅੰਦੋਲਨ ਦੀ ਨਾਰਾਜ਼ਗੀ ਇੱਕ ਵੱਡੀ ਚੁਣੌਤੀ ਬਣ ਸਕਦੀ ਹੈ। ਇਸੇ ਲਈ ਹੁਣ ਯੋਗੀ ਸਰਕਾਰ ਨੂੰ ਕਿਸਾਨਾਂ ਬਾਰੇ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਖੇਤੀ ਪ੍ਰਧਾਨ ਉੱਤਰ ਪ੍ਰਦੇਸ਼ ਵਿੱਚ ਲਗਭਗ 70 ਫ਼ੀਸਦੀ ਵੋਟਰ ਕਿਸਾਨ, ਮਜ਼ਦੂਰ ਵਰਗ ਹੀ ਹੈ। ਅੱਸੀ ਤੇ ਨੱਬੇ ਦੇ ਦਹਾਕੇ ’ਚ ਜ਼ਰੂਰ ਟਿਕੈਤ ਦੀ ਭਾਰਤੀ ਕਿਸਾਨ ਯੂਨੀਅਨ ਦਾ ਪ੍ਰਭਾਵ ਬਣੇ ਰਹਿਣ ਨਾਲ ਕਿਸਾਨ ਆਪਣੀ ਤਾਕਤ ਅੱਗੇ ਵੱਡੇ ਆਗੂਆਂ ਨੂੰ ਝੁਕਣ ਲਈ ਮਜਬੂਰ ਕਰਦੇ ਰਹੇ ਸਨ।


ਦੇਸ਼ ’ਚ ਸਭ ਤੋਂ ਵੱਧ ਗੰਨੇ ਦਾ ਉਤਪਾਦਨ ਕਰਨ ਵਾਲੇ ਸੂਬੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਗੰਨਾ ਉਤਪਾਦਕਾਂ ਦੇ ਬਕਾਇਆ ਭੁਗਤਾਨ ਕਰਨ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ। ਯੋਗੀ ਸਰਕਾਰ ਨੇ ਇਸ ਦੇ ਨਾਲ ਹੀ ਦਹਾਕਿਆਂ ਤੋਂ ਮੁਲਤਵੀ ਪਏ ਸਿੰਜਾਈ ਪ੍ਰੋਜੈਕਟਾਂ ਨੂੰ ਇਸ ਵਰ੍ਹੇ ਹਰ ਹਾਲ ’ਚ ਮੁਕੰਮਲ ਕਰਨ ਦਾ ਹੁਕਮ ਵੀ ਦੇ ਦਿੱਤਾ ਹੈ। ਇਸ ਦੇ ਨਾਲ ਹੀ ਯੂਪੀ ਸਰਕਾਰ ਨੇ ‘ਕਿਸਾਨ ਸਸ਼ੱਕਤੀਕਰਣ’ ਮੁਹਿੰਮ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਨੀਤੀ ਦਾ ਐਲਾਨ ਕੀਤਾ ਹੈ; ਜਿਸ ਵਿੱਚ ਸਰਕਾਰ ਨੇ ਐਫ਼ਪੀਓ/ਐਫ਼ਪੀਸੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਸਮਰਪਿਤ ਇਕਾਈ ਬਣਾਈ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ