ਨਵੀਂ ਦਿੱਲੀ: ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਅੰਦੋਲਨ ਦਾ ਅੱਜ 70ਵਾਂ ਦਿਨ ਹੈ। ਕਿਸਾਨ ਕਾਨੂੰਨ ਵਾਪਸ ਲੈਣ ਦੀ ਆਪਣੀ ਮੰਗ 'ਤੇ ਅੜੇ ਹੋਏ ਹਨ। ਦੂਜੇ ਪਾਸੇ ਇਸ ਮਾਮਲੇ ਤੇ ਸੰਸਦ 'ਚ ਵੀ ਹੰਗਾਮਾ ਸ਼ੁਰੂ ਹੋ ਗਿਆ ਹੈ। ਵਿਰੋਧੀ ਦਲ ਅੱਜ ਵੀ ਕਿਸਾਨਾਂ ਦੇ ਮੁੱਦੇ 'ਤੇ ਸੰਸਦ 'ਚ ਹੰਗਾਮਾ ਕਰ ਸਕਦੇ ਹਨ। ਕੱਲ੍ਹ ਵੀ ਹੰਗਾਮੇ ਤੋਂ ਬਾਅਦ ਦੋਵੇਂ ਸਦਨਾਂ ਦੀ ਕਾਰਵਾਈ ਮੁਲਤਵੀ ਹੋ ਗਈ ਸੀ।


ਦਰਅਸਲ ਦਿੱਲੀ ਦੇ ਸਿੰਘੂ, ਟਿੱਕਰੀ ਤੇ ਗਾਜ਼ੀਪੁਰ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਵਾਲੀਆਂ ਥਾਵਾਂ 'ਤੇ ਸੀਮੇਂਟ ਦੇ ਅਵਰੋਧਕ, ਕੰਟੀਲੇ ਤਾਰ ਤੇ ਸੜਕਾਂ 'ਤੇ ਲੋਹੇ ਦੀਆਂ ਕਿੱਲਾਂ ਲਾਏ ਜਾਣ ਦੇ ਨਾਲ ਵੱਡੀ ਸੰਖਿਆਂ 'ਚ ਪੁਲਿਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਨੂੰ ਲੈਕੇ ਵੀ ਵਿਰੋਧੀਆਂ ਨੇ ਸੰਸਦ 'ਚ ਹੰਗਾਮਾ ਕੀਤਾ।

ਪ੍ਰਧਾਨ ਮੰਤਰੀ ਜੀ, ਆਪਣੇ ਕਿਸਾਨਾਂ ਨਾਲ ਹੀ ਯੁੱਧ- ਪ੍ਰਿਯੰਕਾ

ਕਾਂਗਰਸ ਮਹਾਂਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਇਸ ਮਾਮਲੇ ਨੂੰ ਲੈਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਵਾਲ ਕੀਤਾ, 'ਪ੍ਰਧਾਨ ਮੰਤਰੀ ਜੀ ਆਪਣੇ ਕਿਸਾਨਾਂ ਨਾਲ ਹੀ ਯੁੱਧ ?' ਉੱਥੇ ਹੀ ਸ਼ਿਵਸੇਨਾ ਲੀਡਰ ਸੰਜੇ ਸਿੰਘ ਰਾਓਤ ਨੇ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ ਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜਾਰੀ ਕਿਸਾਨ ਅੰਦੋਲਨ ਨੂੰ ਆਪਣੀ ਪਾਰਟੀ ਤੇ ਮਹਾਰਾਸ਼ਰ ਸਰਕਾਰ ਦਾ ਸਮਰਥਨ ਦੇਣ ਦਾ ਐਲਾਨ ਕੀਤਾ।

ਕਿਸਾਨ ਸੰਕਟ ਲਈ ਕੇਂਦਰ ਸਰਕਾਰ ਜ਼ਿੰਮੇਵਾਰ-ਕੈਪਟਨ

ਚੰਡੀਗੜ੍ਹ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦੀ ਗਈ ਇਕ ਸਰਬਦਲੀ ਬੈਠਕ 'ਚ ਤਿੰਨਾਂ ਖੇਤੀ ਕਾਨੂੰਨਾਂ ਨੂੰ ਤਤਕਾਲ ਵਾਪਸ ਲੈਣ ਦੀ ਮੰਗ ਕਰਨ ਦੇ ਨਾਲ ਹੀ ਸੰਕਟ ਦੇ ਹੱਲ ਬਹੁਤ ਜ਼ਿਆਦਾ ਦੇਰੀ ਲਈ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ।

ਸੰਸਦ ਦੀ ਕਾਰਵਾਈ ਹੁਣ 13 ਫਰਵਰੀ ਤਕ ਚੱਲੇਗੀ

ਲੋਕਸਭਾ ਦੀ ਸੋਮਵਾਰ 15 ਫਰਵਰੀ ਦੀ ਬੈਠਕ ਰੱਦ ਕਰ ਦਿੱਤੀ ਗਈ ਹੈ ਤੇ ਹੁਣ ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਗੇੜ ਦੀ ਅੰਤਿਮ ਬੈਠਕ ਸ਼ਨੀਵਾਰ 13 ਫਰਵਰੀ ਨੂੰ ਹੋਵੇਗੀ। ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਦੇ ਮੁਤਾਬਕ ਸੰਸਦ ਦੇ ਬਜਟ ਸੈਸ਼ਨ ਦਾ ਪਹਿਲਾ ਗੇੜ 29 ਜਨਵਰੀ ਤੋਂ 15 ਫਰਵਰੀ ਤਕ ਨਿਰਧਾਰਤ ਸੀ। ਰਾਜਸਭਾ 'ਚ ਸਭਾਪਤੀ ਐਮ ਵੈਂਕੇਈਆ ਨਾਇਡੂ ਨੇ ਉੱਚ ਸਦਨ ਦੀ ਬੈਠਕ 13 ਫਰਵਰੀ ਨੂੰ ਹੋਣ ਦਾ ਐਲਾਨ ਕੀਤਾ। 13 ਫਰਵਰੀ 2021 ਦੀ ਸਦਨ ਦੀ ਬੈਠਕ 'ਚ ਪ੍ਰਸ਼ਨਕਾਲ ਨਹੀਂ ਹੋਵੇਗਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ