ਨਵੀਂ ਦਿੱਲੀ: ਕਿਸਾਨਾਂ ਦੇ ਸੰਘਰਸ਼ ਨੂੰ ਦਿੱਲੀ 'ਚ ਅੱਜ 28ਵਾਂ ਦਿਨ ਹੈ। ਕਰੀਬ ਇੱਕ ਮਹੀਨਾ ਹੀ ਹੋਣ ਵਾਲਾ ਹੈ ਤੇ ਕਿਸਾਨ ਲਗਾਤਾਰ ਦਿੱਲੀ ਦੀਆਂ ਸਰਹੱਦਾਂ ਤੇ ਡੇਰਾ ਲਾਈ ਬੈਠੇ ਹਨ। ਫਿਲਹਾਲ ਇਸ ਮਸਲੇ ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਕਿਸਾਨਾਂ ਤੇ ਕੇਂਦਰ ਵਿਚਾਲੇ ਪਿਛਲੀਆਂ ਪੰਜ ਬੈਠਕਾਂ ਬੇਸਿੱਟਾ ਰਹਿ ਚੁੱਕੀਆਂ ਹਨ। ਦੋਨੋਂ ਧਿਰਾਂ ਦੀ ਕਿਸੇ ਵੀ ਠੋਸ ਨਤੀਜੇ ਤੇ ਸਹਿਮਤੀ ਨਹੀਂ ਬਣੀ। ਹੁਣ ਛੇਵੇਂ ਗੇੜ ਦੀ ਮੀਟਿੰਗ ਤੇ ਚਰਚਾ ਚੱਲ ਰਹੀ ਹੈ ਪਰ ਹਾਲੇ ਤੱਕ ਕੋਈ ਤਾਰੀਖ ਤੈਅ ਨਹੀਂ ਹੋਈ।


ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉਤਰਾਖੰਡ ਸਮੇਤ ਹੋਰ ਰਾਜਾਂ ਦੇ ਕਿਸਾਨਾਂ, ਨੇ ਦਿੱਲੀ ਦੀਆਂ ਬਰੂਹਾਂ ਤੇ ਡੇਰਾ ਲਾ ਲਿਆ ਹੈ ਤੇ ਇਸ ਸਾਲ ਅਗਸਤ ਵਿੱਚ ਕੇਂਦਰ ਵੱਲੋਂ ਲਿਆਂਦੀਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਹੁੰ ਖਾਧੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਹ ਆਪਣਾ ਅੰਦੋਲਨ ਖ਼ਤਮ ਨਹੀਂ ਕਰਨਗੇ। ਜਿਨ੍ਹਾਂ ਇਹ ਅੰਦੋਲਨ ਲੰਬਾ ਚੱਲ ਰਿਹਾ ਹੈ ਉਨਾਂ ਹੀ ਇਹ ਮਜ਼ਬੂਤ ਹੁੰਦਾ ਜਾ ਰਿਹਾ ਹੈ। ਕਿਸਾਨਾਂ ਨੂੰ ਵੱਖ-ਵੱਖ ਵਰਗਾਂ ਦਾ ਸਮਰਥਨ ਵੀ ਮਿਲ ਰਿਹਾ ਹੈ।

ਕੜਾਕੇ ਦੀ ਠੰਢ ਵਿੱਚ ਰਾਸ਼ਟਰੀ ਰਾਜਧਾਨੀ ਦੀਆਂ ਸੜਕਾਂ ਤੇ ਗੁਰਪੁਰਬ ਮਨਾਉਣ ਤੋਂ ਇੱਕ ਮਹੀਨੇ ਬਾਅਦ, ਕਿਸਾਨਾਂ ਨੇ ਬੁੱਧਵਾਰ ਨੂੰ ਕਿਸਾਨ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ, ਯੂਨੀਅਨ ਦੇ ਨੇਤਾਵਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਅੱਜ ਦੇ ਦਿਨ ਖਾਣਾ ਨਾ ਪਕਾਉਣ। ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀ 25-27 ਦਸੰਬਰ ਤੱਕ ਹਰਿਆਣਾ ਦੇ ਰਾਜ ਮਾਰਗਾਂ ‘ਤੇ ਟੋਲ ਵਸੂਲਣ ਨਹੀਂ ਦੇਣਗੇ।

ਉਧਰ, ਕਿਸਾਨ ਯੂਨੀਅਨਾਂ ਨੇ ਮੰਗਲਵਾਰ ਨੂੰ ਕੇਂਦਰ ਵਲੋਂ ਭੇਜੇ ਗੱਲਬਾਤ ਲਈ ਤਾਜ਼ਾ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ। ਹਾਲਾਂਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਸੰਵਾਦ ਨੂੰ ਸੁਲਝਾਉਣ ਲਈ ਜਲਦੀ ਹੀ ਗੱਲਬਾਤ ਫਿਰ ਤੋਂ ਸ਼ੁਰੂ ਹੋ ਜਾਵੇਗੀ।