Fire Accidents: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸ਼ਨੀਵਾਰ ਰਾਤ ਵਾਪਰੇ ਹਾਦਸਿਆਂ ਵਿਚ ਬੱਚਿਆਂ ਸਮੇਤ 56 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਦਿੱਲੀ ਦੇ ਇੱਕ ਹਸਪਤਾਲ ਵਿਚ ਅੱਗ, ਗੁਜਰਾਤ ਦੇ ਰਾਜਕੋਟ ਵਿੱਚ ਇੱਕ ਗੇਮ ਜ਼ੋਨ ਵਿੱਚ ਅੱਗ ਅਤੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਸ਼ਾਮਲ ਹੈ। 


ਹਾਦਸੇ 'ਚ ਜ਼ਖਮੀਆਂ 'ਚੋਂ ਕਈਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਰਾਜਕੋਟ ਦੇ ਇੱਕ ਸ਼ਾਪਿੰਗ ਮਾਲ ਦੇ ਗੇਮਿੰਗ ਜ਼ੋਨ ਵਿੱਚ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰਿਆ।


ਦਿੱਲੀ ਦੇ ਹਸਪਤਾਲ ਨੂੰ ਲੱਗੀ ਅੱਗ
ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿਵੇਕ ਵਿਹਾਰ ਸਥਿਤ ਬੇਬੀ ਕੇਅਰ ਹਸਪਤਾਲ ਵਿੱਚ ਸ਼ਨੀਵਾਰ ਰਾਤ ਨੂੰ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ 'ਚ 7 ਬੱਚੇ ਝੁਲਸ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ 12 ਬੱਚਿਆਂ ਨੂੰ ਬਚਾਇਆ ਗਿਆ, ਜਿਨ੍ਹਾਂ ਵਿੱਚੋਂ 7 ਬੱਚਿਆਂ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।


ਰਾਜਕੋਟ ਗੇਮਿੰਗ ਜ਼ੋਨ 'ਚ ਲੱਗੀ ਅੱਗ
ਇਸ ਹਾਦਸੇ 'ਚ ਹੁਣ ਤੱਕ 12 ਬੱਚਿਆਂ ਸਮੇਤ 35 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗੇਮ ਜ਼ੋਨ ਫਾਇਰ ਸੇਫਟੀ ਲਈ ਬਿਨਾਂ ਕਿਸੇ ਕਿਸਮ ਦੀ ਐਨਓਸੀ ਲਏ ਚੱਲ ਰਿਹਾ ਸੀ। ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਗੇਮਿੰਗ ਜ਼ੋਨ ਵਿੱਚ ਕਰੀਬ 1000 ਤੋਂ 1500 ਲੀਟਰ ਪੈਟਰੋਲ ਅਤੇ 1500 ਤੋਂ 2000 ਲੀਟਰ ਡੀਜ਼ਲ ਰੱਖਿਆ ਗਿਆ ਸੀ।


ਦਿੱਲੀ ਦੇ ਕ੍ਰਿਸ਼ਨਾ ਨਗਰ 'ਚ ਇਮਾਰਤ ਨੂੰ ਲੱਗੀ ਅੱਗ
ਦਿੱਲੀ ਦੇ ਕ੍ਰਿਸ਼ਨਾ ਨਗਰ ਸਥਿਤ ਇੱਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਦੀ ਖ਼ਬਰ ਹੈ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ। ਇਸ ਹਾਦਸੇ 'ਚ 10 ਲੋਕ ਜ਼ਖਮੀ ਹੋ ਗਏ ਹਨ। ਦਿੱਲੀ ਫਾਇਰ ਸਰਵਿਸ ਯੂਨਿਟ ਨੇ 7 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਇਸ ਹਾਦਸੇ ਵਿੱਚ 10 ਸਕੂਟੀਆਂ ਅਤੇ ਬਾਈਕ ਸੜ ਕੇ ਸੁਆਹ ਹੋ ਗਏ। ਫਾਇਰ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਇਹ ਹਾਦਸਾ ਰਾਤ 2.30 ਵਜੇ ਵਾਪਰਿਆ, ਜਿਸ ਦੀ ਸੂਚਨਾ ਕੰਟਰੋਲ ਰੂਮ ਨੂੰ ਦਿੱਤੀ ਗਈ।


ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ 11 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਲੋਕ ਗੰਭੀਰ ਜ਼ਖਮੀ ਹੋ ਗਏ। ਸੜਕ ਹਾਦਸੇ ਦਾ ਸ਼ਿਕਾਰ ਹੋਏ ਇਹ ਸਾਰੇ ਸੀਤਾਪੁਰ ਜ਼ਿਲ੍ਹੇ ਦੇ ਵਸਨੀਕ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਪੂਰਨਗਿਰੀ ਮਾਤਾ ਦੇ ਦਰਸ਼ਨਾਂ ਲਈ ਉਤਰਾਖੰਡ ਜਾ ਰਹੇ ਸਨ ਕਿ ਰਸਤੇ 'ਚ ਇਹ ਦਰਦਨਾਕ ਹਾਦਸਾ ਵਾਪਰ ਗਿਆ।