Army Truck Caught Fire : ਪੁੰਛ-ਜੰਮੂ ਹਾਈਵੇਅ 'ਤੇ ਵੀਰਵਾਰ (20 ਅਪ੍ਰੈਲ) ਨੂੰ ਫੌਜ ਦੇ ਇੱਕ ਵਾਹਨ ਨੂੰ ਅੱਗ ਲੱਗ ਗਈ ਹੈ। ਫੌਜ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਹੈ। ਪੀਆਰਓ ਡਿਫੈਂਸ ਜੰਮੂ ਨੇ ਦੱਸਿਆ ਕਿ ਪੁੰਛ ਜ਼ਿਲੇ 'ਚ ਫੌਜ ਦੇ ਇਕ ਟਰੱਕ 'ਚ ਅੱਗ ਲੱਗਣ ਕਾਰਨ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ ਹਨ। ਇਹ ਘਟਨਾ ਭਾਟਾ ਧੂਰੀਆਂ ਇਲਾਕੇ 'ਚ ਹਾਈਵੇਅ 'ਤੇ ਵਾਪਰੀ ਹੈ। ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਇਸ ਘਟਨਾ ਬਾਰੇ ਰੱਖਿਆ ਮੰਤਰੀ ਰਾਜਨਾਥ ਨੂੰ ਜਾਣਕਾਰੀ ਦਿੱਤੀ ਹੈ।

 



ਫੌਜ ਨੇ ਕਿਹਾ, ''ਅਣਪਛਾਤੇ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ 'ਚ ਭੀਮਬੇਰ ਗਲੀ ਅਤੇ ਪੁੰਛ ਵਿਚਕਾਰ ਚੱਲ ਰਹੇ ਫੌਜ ਦੇ ਵਾਹਨ 'ਤੇ ਗੋਲੀਬਾਰੀ ਕੀਤੀ। ਅੱਤਵਾਦੀਆਂ ਵੱਲੋਂ ਗ੍ਰਨੇਡ ਦੇ ਸੰਭਾਵਿਤ ਹਮਲੇ ਕਾਰਨ ਗੱਡੀ ਨੂੰ ਅੱਗ ਲੱਗ ਗਈ।

 


 

ਫੌਜ ਨੇ ਕਿਹਾ, "ਖੇਤਰ ਵਿੱਚ ਅੱਤਵਾਦ ਵਿਰੋਧੀ ਮੁਹਿੰਮਾਂ ਲਈ ਤਾਇਨਾਤ ਰਾਸ਼ਟਰੀ ਰਾਈਫਲਜ਼ ਯੂਨਿਟ ਦੇ ਜਵਾਨ ਇਸ ਘਟਨਾ ਵਿੱਚ ਸ਼ਹੀਦ ਹੋ ਗਏ ਹਨ। ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਫੌਜੀ ਨੂੰ ਤੁਰੰਤ ਰਾਜੌਰੀ ਦੇ ਫੌਜੀ ਹਸਪਤਾਲ ਲਿਜਾਇਆ ਗਿਆ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਸਰਚ ਆਪਰੇਸ਼ਨ ਜਾਰੀ ਹੈ। ਫੌਜ ਦੇ ਸੀਨੀਅਰ ਅਧਿਕਾਰੀ ਜਾਂਚ ਲਈ ਮੌਕੇ 'ਤੇ ਮੌਜੂਦ ਹਨ। ਪਹਾੜੀ ਖੇਤਰ ਜਿੱਥੇ ਇਹ ਘਟਨਾ ਵਾਪਰੀ ਹੈ, ਉੱਥੇ ਭਾਰੀ ਮੀਂਹ ਪੈ ਰਿਹਾ ਹੈ।




ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੁੰਛ ਜ਼ਿਲ੍ਹੇ 'ਚ ਹੋਏ ਹਮਲੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਉਹ ਇਸ ਘਟਨਾ ਤੋਂ ਦੁਖੀ ਹਨ। ਜਿੱਥੇ ਇੱਕ ਟਰੱਕ ਨੂੰ ਅੱਗ ਲੱਗਣ ਤੋਂ ਬਾਅਦ ਭਾਰਤੀ ਫੌਜ ਨੇ ਆਪਣੇ ਬਹਾਦਰ ਜਵਾਨਾਂ ਨੂੰ ਗੁਆ ਦਿੱਤਾ ਹੈ।