ਨਵੀਂ ਦਿੱਲੀ: ਵਾਲਮਾਰਟ ਨੇ ਇਸ ਸਾਲ ਫਲਿੱਪਕਾਰਟ ਦੀ 77 ਫੀਸਦੀ ਹਿੱਸੇਦਾਰੀ ਖ਼ਰੀਦ ਕੇ ਭਾਰਤ ਦੇ ਵਪਾਰ ਜਗਤ ਵਿੱਚ ਸਭ ਤੋਂ ਵੱਡਾ ਸੌਦਾ ਕੀਤਾ ਹੈ। ਇਹ ਸੌਦਾ 16 ਅਰਬ ਡਾਲਰ (1.3 ਲੱਖ ਕਰੋੜ) ਵਿੱਚ ਸਿਰੇ ਚੜ੍ਹਿਆ ਹੈ। ਭਾਰਤ ਵਿੱਚ ਸਭ ਤੋਂ ਵੱਡਾ ਸੌਦਾ ਭਾਵੇਂ ਟੈਲੀਕਾਮ ਜਗਤ ਵਿੱਚ ਵੋਡਾਫੋਨ ਇੰਡੀਆ ਤੇ ਆਈਡੀਆ ਸੈਲੂਲਰ ਵਿੱਚ ਹੋਵੇਗਾ ਪਰ ਇਹ ਇਕਰਾਰ ਅਜੇ ਸਿਰੇ ਚੜ੍ਹਨਾ ਹੈ। ਇਸ ਤਰ੍ਹਾਂ ਦੋਵੇਂ ਕੰਪਨੀਆਂ ਦੇ ਰਲੇਵੇਂ ਨਾਲ ਇਹ ਭਾਰਤੀ ਏਅਰਟੈੱਲ ਤੋਂ ਵੱਡੀ ਕੰਪਨੀ ਬਣ ਜਾਵੇਗੀ।   ਇਹ ਜਾਣ ਕੇ ਹੈਰਾਨੀ ਹੋਏਗੀ ਕਿ ਫਲਿਪਕਾਰਟ ਦੀ ਸ਼ੁਰੂਆਤ ਆਨਲਾਈਨ ਕਿਤਾਬਾਂ ਵੇਚਣ ਤੋਂ ਹੋਈ ਸੀ। 11 ਸਾਲ ਬਾਅਦ ਇਹ ਕੰਪਨੀ ਉਪਲੱਬਧੀਆਂ ਦੇ ਝੰਡੇ ਗੱਡਦੀ ਹੋਈ ਸਫ਼ਲਤਾ ਦੀ ਉਦਾਹਰਣ ਬਣ ਗਈ ਹੈ। ਦਰਅਸਲ ਫਲਿੱਪਕਾਰਟ ਦੀ ਸ਼ੁਰੂਆਤ ਸਚਿਨ ਬਾਂਸਲ ਤੇ ਬਿੰਨੀ ਬਾਂਸਲ ਨੇ 2007 ਚ ਕੀਤੀ ਸੀ। ਸ਼ੁਰੂਆਤ ਵਿੱਚ ਕੰਪਨੀ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ ਗਿਆ। ਦੋ-ਤਿੰਨ ਸਾਲ ਦੀ ਸ਼ੁਰੂਆਤੀ ਜੱਦੋ-ਜ਼ਹਿਦ ਤੋਂ ਬਾਅਦ 2010 ਵਿੱਚ ਫਲਿੱਪਕਾਰਟ ਨੇ ਬਾਕੀ ਉਤਪਾਦਾਂ ਦੇ ਨਾਲ-ਨਾਲ ਇਲੈਕਟ੍ਰਾਨਿਕਸ ਉਤਪਾਦ ਜਿਵੇਂ ਮੋਬਾਈਲ ਵੀ ਆਨਲਾਈਲ ਵੇਚਣੇ ਸ਼ੁਰੂ ਕਰ ਦਿੱਤੇ। ਫਿਰ ਇਸ ਕੰਪਨੀ ਨੇ ਪਿਛਾਂਹ ਮੁੜ ਕੇ ਨਹੀਂ ਦੇਖਿਆ। ਦੱਸ ਦਈਏ ਕਿ ਮੌਜੂਦਾ ਸਮੇਂ ਭਾਰਤ ਦਾ ਈ-ਕਾਮਰਸ ਕਾਰੋਬਾਰ 30 ਅਰਬ ਡਾਲਰ ਦਾ ਹੋ ਗਿਆ ਹੈ ਜੋ 2026 ਤੱਕ ਵਧ ਕੇ 200 ਅਰਬ ਡਾਲਰ ਦਾ ਹੋਣ ਦੀ ਉਮੀਦ ਹੈ। ਬੈਂਗਲੁਰੂ 'ਚ ਦੋ ਕਮਰਿਆਂ ਦੇ ਛੋਟੇ ਜਿਹੇ ਮਕਾਨ 'ਚ ਸ਼ੁਰੂ ਹੋਈ ਫਲਿੱਪਕਾਰਟ ਦੇ ਮੌਜੂਦਾ ਮੁੱਖ ਦਫਤਰ ਚ 6,800 ਕਰਮਚਾਰੀ ਹਨ। ਇਸ ਤੋਂ ਇਲਾਵਾ ਦੇਸ਼ ਭਰ 'ਚ ਇਸ ਦੇ ਕਈ ਉੱਪ-ਦਫਤਰ ਹਨ।