Deaths due to Oxygen Shortage: ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਦੱਸਿਆ ਕਿ ਆਕਸੀਜਨ ਦੀ ਕਮੀ ਕਾਰਨ ਪੰਜਾਬ ਵਿੱਚ ਸਿਰਫ਼ ਚਾਰ ਕੋਵਿਡ-19 ਮਰੀਜ਼ਾਂ ਦੀ ਮੌਤ ਹੋਈ ਹੈ। ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ (Dr. Mansukh Mandaviya) ਨੇ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਸਾਰੇ ਰਾਜਾਂ ਨੂੰ ਪੱਤਰ ਲਿਖ ਕੇ ਇਸ ਸਬੰਧੀ ਜਾਣਕਾਰੀ ਮੰਗੀ ਹੈ। ਡਾ. ਮਾਂਡਵੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਿਰਫ ਚਾਰ ਲੋਕਾਂ ਦੀ ਸ਼ੱਕੀ ਤੌਰ 'ਤੇ ਆਕਸੀਜਨ ਦੀ ਕਮੀ ਕਾਰਨ ਮੌਤ ਹੋਣ ਦੀ ਸੂਚਨਾ ਦਿੱਤੀ ਹੈ।
ਦੱਸ ਦੇਈਏ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਜਦੋਂ ਇਨਫੈਕਸ਼ਨ ਤੇਜ਼ੀ ਨਾਲ ਫੈਲਿਆ ਤਾਂ ਬਹੁਤ ਸਾਰੇ ਲੋਕਾਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਾਉਣ ਦੀ ਲੋੜ ਪਈ ਤੇ ਉਨ੍ਹਾਂ ਵਿੱਚ ਆਕਸੀਜਨ ਦਾ ਪੱਧਰ ਡਿੱਗਣਾ ਸ਼ੁਰੂ ਹੋ ਗਿਆ। ਅਜਿਹੇ 'ਚ ਦੇਸ਼ ਦੇ ਕਈ ਸੂਬਿਆਂ ਤੋਂ ਆਕਸੀਜਨ ਦੀ ਕਮੀ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਕਿਹਾ ਗਿਆ ਕਿ ਆਕਸੀਜਨ ਦੀ ਕਮੀ ਕਾਰਨ ਲੋਕ ਮਰ ਰਹੇ ਹਨ। ਹੁਣ ਓਮੀਕਰੋਨ ਕਾਰਨ ਇੱਕ ਵਾਰ ਫਿਰ ਲੌਕਡਾਊਨ ਦਾ ਖਤਰਾ ਹੈ। ਦੱਖਣੀ ਅਫਰੀਕਾ ਤੋਂ ਮਿਲੇ ਅੰਕੜਿਆਂ ਮੁਤਾਬਕ ਇਹ ਭਾਰਤ 'ਚ ਦੂਜੀ ਲਹਿਰ ਲਿਆਉਣ ਵਾਲੇ ਕੋਰੋਨਾ ਦੇ ਡੈਲਟਾ ਵੇਰੀਐਂਟ ਤੋਂ ਜ਼ਿਆਦਾ ਖਤਰਨਾਕ ਹੈ।
ਆਕਸੀਜਨ ਦੀ ਕਮੀ ਨੇ ਦੇਸ਼ ਤੇ ਦੁਨੀਆ ਵਿੱਚ ਸੁਰਖੀਆਂ ਬਟੋਰੀਆਂ ਸਨ। ਕਈ ਦੇਸ਼ਾਂ ਨੇ ਭਾਰਤ ਨੂੰ ਆਕਸੀਜਨ ਕੰਸੈਂਟਰੇਟਰ ਦਿੱਤੇ ਸਨ, ਤਾਂ ਜੋ ਆਕਸੀਜਨ ਦੀ ਕਮੀ ਕਾਰਨ ਲੋਕਾਂ ਦੀ ਜਾਨ ਨਾ ਜਾਵੇ ਤੇ ਦੇਸ਼ ਕੋਰੋਨਾ ਦੀ ਦੂਜੀ ਲਹਿਰ 'ਤੇ ਕਾਬੂ ਪਾ ਸਕੇ। ਭਾਰਤ ਨੂੰ ਆਕਸੀਜਨ ਸਿਲੰਡਰ ਤੇ ਆਕਸੀਜਨ ਪਲਾਂਟ ਲਗਾਉਣ ਲਈ ਵਿਦੇਸ਼ਾਂ ਤੋਂ ਵੀ ਮਦਦ ਮਿਲੀ ਹੈ।
ਮਹੱਤਵਪੂਰਨ ਗੱਲ ਹੈ ਕਿ ਕਾਂਗਰਸ ਲੰਬੇ ਸਮੇਂ ਤੋਂ ਸਰਕਾਰ 'ਤੇ ਕੋਵਿਡ-19 ਕਾਰਨ ਮਰਨ ਵਾਲਿਆਂ ਦੇ ਸਹੀ ਤੇ ਠੋਸ ਅੰਕੜੇ ਦੇਣ ਲਈ ਦਬਾਅ ਬਣਾ ਰਹੀ ਹੈ। ਵਿਰੋਧੀ ਪਾਰਟੀਆਂ ਦੋਸ਼ ਲਗਾ ਰਹੀਆਂ ਹਨ ਕਿ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਕਮੀ ਕਾਰਨ ਬਹੁਤ ਸਾਰੀਆਂ ਮੌਤਾਂ ਹੋਈਆਂ ਹਨ ਤੇ ਉਹ ਇਸ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੀਆਂ ਹਨ। ਕਾਂਗਰਸ ਨੇ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਹਾ ਸੀ ਕਿ ਉਹ ਇਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦਿਵਾਉਣ ਦੀ ਕੋਸ਼ਿਸ਼ ਕਰੇਗੀ।
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੋਵਿਡ ਕਾਰਨ ਮਰਨ ਵਾਲੇ ਪਰਿਵਾਰਾਂ ਦੀ ਕਹਾਣੀ ਸੱਚੀ ਹੈ, ਉਨ੍ਹਾਂ ਦਾ ਦਰਦ ਤੇ ਦੁੱਖ ਵੀ ਸੱਚ ਹੈ। ਸਰਕਾਰੀ ਅੰਕੜੇ ਗਲਤ ਹਨ। ਸੱਚੇ ਅੰਕੜੇ ਦੱਸਣੇ ਪੈਣਗੇ ਤੇ 4 ਲੱਖ ਰੁਪਏ ਮੁਆਵਜ਼ਾ ਦੇਣਾ ਪਵੇਗਾ। ਇੱਕ ਵੀਡੀਓ ਵਿੱਚ, ਉਨ੍ਹਾਂ ਕਿਹਾ ਕਿ ਗੁਜਰਾਤ ਮਾਡਲ ਦੀ ਬਹੁਤ ਚਰਚਾ ਹੋ ਰਹੀ ਹੈ ਪਰ ਜਿਨ੍ਹਾਂ ਪਰਿਵਾਰਾਂ ਬਾਰੇ ਅਸੀਂ ਚਰਚਾ ਕੀਤੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਸਪਤਾਲਾਂ ਵਿੱਚ ਬੈੱਡ ਨਹੀਂ ਮਿਲੇ ਅਤੇ ਨਾ ਹੀ ਆਕਸੀਜਨ ਜਾਂ ਵੈਂਟੀਲੇਟਰ।
Omicron ਦੇ ਖਤਰੇ ਦੇ ਕਾਰਨ, ਬੂਸਟਰ ਖੁਰਾਕਾਂ ਦੀ ਮੰਗ
ਦੇਸ਼ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਨੇ ਕੋਵਿਡ-19 ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੀਆਂ ਤਿਆਰੀਆਂ ਤੇ ਤਰੀਕਿਆਂ ਨੂੰ ਨਾਕਾਫੀ ਦੱਸਿਆ ਹੈ। ਵਿਰੋਧੀ ਧਿਰ ਨੇ ਬੀਜੇਪੀ ਸ਼ਾਸਿਤ ਰਾਜਾਂ 'ਤੇ ਕੋਰੋਨਾ ਵੈਕਸੀਨ ਦੀ ਵੰਡ ਦਾ ਪੱਖ ਲੈਣ ਦਾ ਦੋਸ਼ ਲਗਾਇਆ ਅਤੇ ਵਾਇਰਸ ਦੇ ਨਵੇਂ 'ਓਮੀਕ੍ਰੋਨ' ਰੂਪ ਤੋਂ ਸਾਵਧਾਨ ਰਹਿਣ ਲਈ ਕਿਹਾ। ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ ਤੋਂ ਇਹ ਸਪੱਸ਼ਟ ਕਰਨ ਦੀ ਮੰਗ ਕੀਤੀ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਟੀਕੇ ਕਦੋਂ ਲੱਗਣੇ ਸ਼ੁਰੂ ਹੋਣਗੇ ਤੇ ਕੋਵਿਡ ਵੈਕਸੀਨ ਦੀ ਬੂਸਟਰ ਜਾਂ ਤੀਜੀ ਖੁਰਾਕ ਬਾਰੇ ਸਰਕਾਰ ਦੀ ਕੀ ਨੀਤੀ ਹੈ?
ਸ਼ਿਵ ਸੈਨਾ ਦੇ ਵਿਨਾਇਕ ਰਾਉਤ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਰਾਜਾਂ ਨੂੰ ਮਹਾਂਮਾਰੀ ਦੌਰਾਨ ਲੋੜ ਅਨੁਸਾਰ ਵੈਂਟੀਲੇਟਰ ਅਤੇ ਪੀਐਸਏ ਪਲਾਂਟ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਸੀ, ਪਰ ਬਦਕਿਸਮਤੀ ਨਾਲ, ਪੀਐਮ ਕੇਅਰਜ਼ ਫੰਡ ਦੇ ਤਹਿਤ ਦਿੱਤੇ ਗਏ 60 ਪ੍ਰਤੀਸ਼ਤ ਤੋਂ ਵੱਧ ਵੈਂਟੀਲੇਟਰ ਕੰਮ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਠੇਕੇਦਾਰਾਂ ਅਤੇ ਸਪਲਾਇਰ ਏਜੰਸੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: PM Kisan Scheme: ਵੱਡੀ ਖੁਸ਼ਖਬਰੀ! ਕਿਸਾਨਾਂ ਨੂੰ ਸਾਲਾਨਾ ਮਿਲਣਗੇ ਪੂਰੇ 42000 ਰੁਪਏ, ਜਲਦ ਕਰੋ ਰਜਿਟ੍ਰੇਸ਼ਨ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904