ਜੈਪੁਰ: ਰਾਜਸਥਾਨ ਦੇ ਜੈਪੁਰ ਤੋਂ ਇੱਕ ਬੇਹੱਦ ਦੁੱਖਦ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਨੇ ਆਰਥਿਕ ਤੰਗੀ ਦੇ ਚੱਲਦਿਆਂ ਕਥਿਤ ਤੌਰ ਤੇ ਖੁਦਕੁਸ਼ੀ ਕਰ ਲਈ। ਚਾਰਾਂ ਮੈਂਬਰਾਂ ਵਿੱਚ ਇੱਕ ਸਰਾਫਾ ਵਪਾਰੀ, ਉਸ ਦੀ ਪਤਨੀ ਤੇ ਦੋ ਪੁੱਤਰ ਸ਼ਾਮਲ ਸੀ। ਇਹ ਚਾਰੇ ਵਿਅਕਤੀ ਜੈਪੁਰ ਦੇ ਜਾਮਦੋਲੀ ਖੇਤਰ ਵਿੱਚ ਆਪਣੀ ਰਿਹਾਇਸ਼ 'ਤੇ ਲਟਕਦੇ ਮਿਲੇ।

ਮ੍ਰਿਤਕਾਂ ਦੀ ਪਛਾਣ ਵਪਾਰੀ ਯਸ਼ਵੰਤ ਸੋਨੀ, ਪਤਨੀ ਮਮਤਾ ਬੇਟੇ- ਅਜੀਤ ਤੇ ਭਰਤ ਵਜੋਂ ਹੋਈ ਹੈ। ਪੁਲਿਸ ਮੁਤਾਬਕ ਸ਼ਨੀਵਾਰ ਨੂੰ ਇਨ੍ਹਾਂ ਕਥਿਤ ਤੌਰ 'ਤੇ ਆਪਣੀ ਰਿਹਾਇਸ਼ 'ਤੇ ਫਾਹਾ ਲਾ ਆਪਣੀ ਜਾਨ ਦੇ ਦਿੱਤੀ। ਇਹ ਪਰਿਵਾਰ ਜਾਮਦੋਲੀ ਖੇਤਰ ਦੀ ਰਾਧਾ ਵਿਹਾਰ ਕਲੋਨੀ ਵਿੱਚ ਰਹਿੰਦਾ ਸੀ। ਇਹ ਘਟਨਾ ਸ਼ਨੀਵਾਰ ਨੂੰ ਉਸ ਵੇਲੇ ਸਾਹਮਣੇ ਆਈ ਜਦੋਂ ਸੋਨੀ ਦਾ ਭਰਾ ਉਨ੍ਹਾਂ ਦੇ ਘਰ ਆਇਆ। ਜਦੋਂ ਕਿਸੇ ਨੇ ਦਰਵਾਜ਼ਾ ਖੜ੍ਹਕਣ ਦਾ ਜਵਾਬ ਨਾ ਦਿੱਤਾ ਤਾਂ ਸੋਨੀ ਦੇ ਭਰਾ ਨੂੰ ਸ਼ੱਕ ਹੋਇਆ ਤੇ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ।

ਅੱਖਾਂ ਢੱਕੀਆਂ ਤੇ ਲੱਤਾਂ ਬੱਝੀਆਂ ਸੀ
ਪੁਲਿਸ ਨੇ ਮੌਕੇ ਤੇ ਪਹੁੰਚ ਕੇ ਚਾਰ ਮ੍ਰਿਤਕਾਂ ਦੀਆਂ ਲਾਸ਼ਾਂ ਪਾਈਆਂ। ਕਾਰੋਬਾਰੀ ਅਤੇ ਉਸ ਦਾ ਪਰਿਵਾਰ ਉਨ੍ਹਾਂ ਦੇ ਘਰ ਦੇ ਵੱਖਰੇ ਕਮਰਿਆਂ ਵਿੱਚ ਮ੍ਰਿਤਕ ਪਾਇਆ ਗਿਆ। ਸੋਨੀ ਅਤੇ ਉਸਦੇ ਬੇਟੇ ਇੱਕ ਹਾਲ ਵਿੱਚ ਛੱਤ ਦੇ ਪੱਖੇ ਨਾਲ ਲਟਕਦੇ ਮਿਲੇ ਜਦੋਂ ਕਿ ਉਨ੍ਹਾਂ ਦੀ ਪਤਨੀ ਮਮਤਾ ਉਸ ਦੇ ਕਮਰੇ ਵਿੱਚ ਲਟਕਦੀ ਪਈ ਮਿਲੀ। ਮਮਤਾ ਦੀਆਂ ਅੱਖਾਂ ਢੱਕੀਆਂ ਹੋਈਆਂ ਸੀ ਤੇ ਉਸ ਦੇ ਪੁੱਤਰਾਂ ਦੀਆਂ ਲੱਤਾਂ ਬੱਝੀਆਂ ਹੋਈਆਂ ਸੀ।



ਪੁਲਿਸ ਨੂੰ ਇੱਕ ਸੁਸਾਇਡ ਨੋਟ ਵੀ ਮਿਲਿਆ ਹੈ।ਜਿਸ 'ਚ ਸੋਨੀ ਨੇ ਇਹ ਸਾਫ ਲਿਖਿਆ ਹੈ ਕਿ ਉਸਨੇ ਆਰਥਿਕ ਤੰਗੀ ਦੇ ਚੱਲਦੇ ਇਹ ਕਦਮ ਚੁੱਕਿਆ ਹੈ। ਜਾਣਕਾਰੀ ਮੁਤਾਬਿਕ ਸੋਨੀ ਨੇ ਕਾਫੀ ਲੋਨ ਲਏ ਹੋਏ ਸੀ ਜੋ ਉਹ ਅਦਾ ਨਹੀਂ ਕਰ ਪਾ ਰਿਹਾ ਸੀ।ਉਸਨੇ ਕਈ ਲੋਕਾਂ ਨੂੰ ਅੱਗੇ ਵੀ ਪੈਸੇ ਦਿੱਤੇ ਸੀ ਜੋ ਕੋਰੋਨਾਵਾਇਰਸ ਕਾਰਨ ਉਸਨੂੰ ਵਾਪਸ ਨਹੀਂ ਮਿਲ ਰਹੇ ਸੀ।ਇਸੇ ਕਾਰਨ ਉਸਨੇ ਪਰਿਵਾਰ ਸਣੇ ਖੁਦਕੁਸ਼ੀ ਕਰ ਲਈ।