India-UK Free Trade Agreement: ਟਰੰਪ ਦੇ ਟੈਰਿਫ ਵਾਰ ਦੇ ਵਿਚਾਲੇ ਭਾਰਤ ਅਤੇ ਬ੍ਰਿਟੇਨ ਵਿਚਕਾਰ ਇੱਕ ਫ੍ਰੀ ਟ੍ਰੇਡ ਐਗਰੀਮੈਂਟ 'ਤੇ 90 ਫੀਸਦੀ ਸਹਿਮਤੀ ਬਣ ਗਈ ਹੈ। ਬ੍ਰਿਟਿਸ਼ ਸਰਕਾਰ ਇਸ ਸਾਲ ਵਿੱਚ 1.4 ਅਰਬ ਆਬਾਦੀ ਵਾਲੇ ਦੇਸ਼ ਭਾਰਤ ਨਾਲ ਇਸ ਵਪਾਰਕ ਸਾਂਝੇਦਾਰੀ ਨੂੰ ਅੰਤਿਮ ਰੂਪ ਦੇਣ ਲਈ ਆਸ਼ਾਵਾਦੀ ਹੈ। ਗਾਰਡੀਅਨ ਨੇ ਆਪਣੀ ਰਿਪੋਰਟ ਵਿੱਚ ਇੱਕ ਸਰੋਤ ਦੇ ਹਵਾਲੇ ਨਾਲ ਕਿਹਾ ਹੈ ਕਿ ਸਮਝੌਤੇ ਨੇ ਲਗਭਗ ਅੰਤਿਮ ਰੂਪ ਲੈ ਲਿਆ ਹੈ। ਅਸੀਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨੇੜੇ ਹਾਂ ਅਤੇ ਦੋਵਾਂ ਦੇਸ਼ਾਂ ਵਿਚਕਾਰ ਰਾਜਨੀਤਿਕ ਪੱਧਰ 'ਤੇ ਗੱਲਬਾਤ ਹੋ ਰਹੀ ਹੈ।
ਦੋਵੇਂ ਦੇਸ਼ ਮੁਕਤ ਵਪਾਰ ਸਮਝੌਤੇ 'ਤੇ ਗੱਲਬਾਤ ਲਈ ਵਚਨਬੱਧ
ਤੁਹਾਨੂੰ ਦੱਸ ਦਈਏ ਕਿ ਲੰਡਨ ਵਿੱਚ ਹੋਏ '13ਵੇਂ ਆਰਥਿਕ ਅਤੇ ਵਿੱਤੀ ਸੰਵਾਦ' ਵਿੱਚ ਦੋਵਾਂ ਦੇਸ਼ਾਂ ਨੇ ਆਪਣੇ ਵਿਚਕਾਰ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮੁਕਤ ਵਪਾਰ ਸਮਝੌਤੇ (FTA) ਅਤੇ ਦੁਵੱਲੇ ਨਿਵੇਸ਼ ਸੰਧੀ (BIT) 'ਤੇ ਹੋਰ ਗੱਲਬਾਤ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਯੂਕੇ ਦੀ ਚਾਂਸਲਰ ਆਫ਼ ਦ ਐਕਸਚੈਕਰ ਰੇਚਲ ਰੀਵਜ਼ ਨੇ ਕੀਤੀ।
ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵੀਜ਼ੇ ਨਾਲ ਸਬੰਧਤ ਵਿਵਾਦਪੂਰਨ ਮੁੱਦਾ ਕਾਫ਼ੀ ਹੱਦ ਤੱਕ ਹੱਲ ਹੋ ਗਿਆ ਹੈ। ਹੁਣ ਵਿਸਕੀ, ਕਾਰਾਂ ਅਤੇ ਦਵਾਈਆਂ ਦੇ ਟੈਰਿਫਾਂ 'ਤੇ ਚਰਚਾ ਕੀਤੀ ਜਾਣੀ ਹੈ। ਜੇਕਰ ਇਨ੍ਹਾਂ 'ਤੇ ਵੀ ਸਹਿਮਤੀ ਬਣ ਜਾਂਦੀ ਹੈ, ਤਾਂ ਭਾਰਤ ਤੋਂ ਬ੍ਰਿਟੇਨ ਨੂੰ ਨਿਰਯਾਤ ਕੀਤੀਆਂ ਜਾਣ ਵਾਲੀਆਂ ਸਕਾਚ ਵਿਸਕੀ ਅਤੇ ਕਾਰਾਂ ਲਈ ਟੈਰਿਫ ਖਾਸ ਤੌਰ 'ਤੇ ਘਟਾਏ ਜਾ ਸਕਦੇ ਹਨ।
ਇਸ ਕਰਕੇ BTA ਨੂੰ ਅੱਗੇ ਵਧਾ ਰਿਹਾ ਭਾਰਤ
ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਭਾਰਤ ਵਿਸ਼ਵਵਿਆਪੀ ਅਨਿਸ਼ਚਿਤਤਾਵਾਂ ਦੇ ਕਾਰਨ ਹੋਰ ਦੁਵੱਲੇ ਵਪਾਰ ਸਮਝੌਤਿਆਂ 'ਤੇ ਅੱਗੇ ਵੱਧ ਰਿਹਾ ਹੈ, ਜੋ ਦਿਨੋ-ਦਿਨ ਵੱਧ ਰਹੀਆਂ ਹਨ। ਇਸ ਦੌਰਾਨ ਬ੍ਰਿਟੇਨ ਨਾਲ 128 ਮਿਲੀਅਨ ਪੌਂਡ ਦਾ ਇੱਕ ਨਵਾਂ ਨਿਰਯਾਤ ਸੌਦਾ ਵੀ ਸਹੀਬੱਧ ਕੀਤਾ ਗਿਆ ਅਤੇ ਨਿਵੇਸ਼ ਦਾ ਐਲਾਨ ਵੀ ਕੀਤਾ ਗਿਆ। ਇਸ ਸਮਾਗਮ ਵਿੱਚ, ਚਾਂਸਲਰ ਰੇਚਲ ਰੀਵਜ਼ ਨੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਭਾਰਤ ਵਰਗੇ ਦੇਸ਼ਾਂ ਨਾਲ ਵਪਾਰਕ ਸਮਝੌਤਿਆਂ ਨੂੰ ਅੱਗੇ ਵਧਾਉਣ ਦੀ ਤੁਰੰਤ ਲੋੜ 'ਤੇ ਜ਼ੋਰ ਦਿੱਤਾ।