Board Exams Twice: ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸੋਮਵਾਰ ਨੂੰ ਕਿਹਾ ਕਿ ਵਿਦਿਆਰਥੀਆਂ ਕੋਲ ਅਕਾਦਮਿਕ ਸੈਸ਼ਨ 2025-26 ਤੋਂ ਦੋ ਵਾਰ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇਣ ਦਾ ਵਿਕਲਪ ਹੋਵੇਗਾ। ਪ੍ਰਧਾਨ ਛੱਤੀਸਗੜ੍ਹ 'ਚ 'ਪੀਐੱਮ ਸ਼੍ਰੀ' (ਪ੍ਰਾਈਮ ਮਿਨਿਸਟਰ ਸਕੂਲ ਫਾਰ ਰਾਈਜ਼ਿੰਗ ਇੰਡੀਆ) ਯੋਜਨਾ ਨੂੰ ਲਾਂਚ ਕਰਨ ਮੌਕੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਸਕੀਮ ਤਹਿਤ ਸੂਬੇ ਦੇ 211 ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਇਹ ਸਮਾਰੋਹ ਪੰਡਿਤ ਦੀਨਦਿਆਲ ਉਪਾਧਿਆਏ ਆਡੀਟੋਰੀਅਮ, ਰਾਏਪੁਰ ਵਿਖੇ ਕਰਵਾਇਆ ਗਿਆ। 


ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਕੇਂਦਰ ਦੀ ਯੋਜਨਾ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਨੇ ਕਿਹਾ ਕਿ ਅਕਾਦਮਿਕ ਸੈਸ਼ਨ 2025-26 ਤੋਂ, ਵਿਦਿਆਰਥੀਆਂ ਨੂੰ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਦੋ ਵਾਰ ਬੈਠਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਜ਼ਨ ਵਿਦਿਆਰਥੀਆਂ ਨੂੰ ਤਣਾਅ ਮੁਕਤ ਰੱਖਣਾ, ਉਨ੍ਹਾਂ ਨੂੰ ਗੁਣਾਂ ਨਾਲ ਨਿਖਾਰਨਾ, ਸੱਭਿਆਚਾਰ ਨਾਲ ਜੋੜੀ ਰੱਖਣਾ ਅਤੇ ਭਵਿੱਖ ਲਈ ਤਿਆਰ ਕਰਨਾ ਹੈ ਅਤੇ ਇਹ ਹੀ 2047 ਤੱਕ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਦਾ ਇਹੀ ਫਾਰਮੂਲਾ ਹੈ।


ਪ੍ਰਧਾਨ ਨੇ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਪਿਛਲੀ ਸਰਕਾਰ ਵਿੱਚ ਸਿੱਖਿਆ ਪਹਿਲ ਦਾ ਵਿਸ਼ਾ ਨਹੀਂ ਸੀ, ਜਦੋਂ ਕਿ ਨਵੀਂ ਚੁਣੀ ਗਈ ਵਿਸ਼ਨੂੰ ਦੇਵ ਸਾਈਂ ਸਰਕਾਰ ਦੀਆਂ ਕੋਸ਼ਿਸ਼ਾਂ ਤੋਂ ਪਤਾ ਲੱਗਦਾ ਹੈ ਕਿ ਸਿੱਖਿਆ ਉਨ੍ਹਾਂ ਦੀ ਤਰਜੀਹ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ 'ਪ੍ਰਧਾਨ ਮੰਤਰੀ ਸ਼੍ਰੀ ਯੋਜਨਾ' ਦੇ ਪਹਿਲੇ ਪੜਾਅ ਵਿੱਚ ਛੱਤੀਸਗੜ੍ਹ ਵਿੱਚ 211 ਸਕੂਲਾਂ (193 ਪ੍ਰਾਇਮਰੀ ਪੱਧਰ ਅਤੇ 18 ਸੈਕੰਡਰੀ ਸਕੂਲ) ਨੂੰ 'ਹੱਬ ਐਂਡ ਸਪੋਕ ਮਾਡਲ' 'ਤੇ ਅਪਗ੍ਰੇਡ ਕੀਤਾ ਜਾਵੇਗਾ।


ਇਹ ਵੀ ਪੜ੍ਹੋ: WhatsApp ਨੇ ਭਾਰਤ 'ਚ ਜਾਰੀ ਕੀਤਾ ਹੈਲਪਲਾਈਨ ਨੰਬਰ, ਇਸ ਲਈ ਚੁੱਕਣਾ ਪਿਆ ਵੱਡਾ ਕਦਮ


ਉਨ੍ਹਾਂ ਕਿਹਾ ਕਿ ਰਾਜ ਦੇ ਸਿੱਖਿਆ ਮੰਤਰੀ ਬ੍ਰਿਜਮੋਹਨ ਅਗਰਵਾਲ ਦੀ ਮੰਗ ਅਨੁਸਾਰ ਇਸ ਸਕੀਮ ਦੇ ਅਗਲੇ ਪੜਾਅ ਵਿੱਚ ਹੋਰ ਸੈਕੰਡਰੀ ਅਤੇ ਹਾਇਰ ਸੈਕੰਡਰੀ ਸਕੂਲਾਂ ਨੂੰ ਇਸ ਸਕੀਮ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ। ਪ੍ਰਧਾਨ ਨੇ ਸਕੂਲ ਵਿੱਚ ਹਰ ਸਾਲ '10 ਬੈਗ ਮੁਕਤ ਦਿਨ' ਸ਼ੁਰੂ ਕਰਨ ਦੇ ਸੰਕਲਪ ਬਾਰੇ ਵੀ ਗੱਲ ਕੀਤੀ ਅਤੇ ਵਿਦਿਆਰਥੀਆਂ ਨੂੰ ਕਲਾ, ਸੱਭਿਆਚਾਰ ਅਤੇ ਖੇਡਾਂ ਆਦਿ ਨਾਲ ਜੋੜਨ 'ਤੇ ਜ਼ੋਰ ਦਿੱਤਾ। ਇਸ ਮੌਕੇ ਮੁੱਖ ਮੰਤਰੀ ਵਿਸ਼ਨੂੰਦੇਵ ਸਾਈਂ, ਰਾਜ ਦੇ ਸਕੂਲ ਅਤੇ ਉੱਚ ਸਿੱਖਿਆ ਮੰਤਰੀ ਬ੍ਰਿਜਮੋਹਨ ਅਗਰਵਾਲ ਅਤੇ ਅਧਿਕਾਰੀ ਮੌਜੂਦ ਸਨ।


ਇਹ ਵੀ ਪੜ੍ਹੋ: Stock Market Opening: ਸ਼ੇਅਰ ਬਾਜ਼ਾਰ ਦੀ ਮੱਠੀ ਓਪਨਿੰਗ, ਮੰਗਲਵਾਰ ਸਵੇਰੇ ਨਹੀਂ ਦਿੱਸਿਆ ਉਤਸ਼ਾਹ